ਆਤਿਸ਼ ਗੁਪਤਾ
ਚੰਡੀਗੜ੍ਹ, 22 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਕਈ ਵੱਡੇ ਆਗੂਆਂ ਨੇ ਆਪਣੀਆਂ ਪਾਰਟੀਆਂ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਣਧੀਰ ਸਿੰਘ ਥਰਾਜ, ਸਰਪੰਚ ਪਰਮਜੀਤ ਕੌਰ ਧਾਲੀਵਾਲ ਅਤੇ ਹਰਿੰਦਰ ਸਿੰਘ ਭਾਟੀਆ, ਕਾਂਗਰਸ ਤੋਂ ਕੌਂਸਲਰ ਪਰਮਜੀਤ ਸਿੰਘ ਕੈਂਥ ਅਤੇ ਬਲਵਿੰਦਰ ਸਿੰਘ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁਮਟਾਲਾ, ਭਾਜਪਾ ਐੱਸਸੀ ਮੋਰਚਾ ਦੇ ਸਵਿੰਦਰ ਸਿੰਘ ਛੱਜਲਵੱਡੀ, ਕਾਰਜਕਾਰਨੀ ਮੈਂਬਰ ਮੰਗਾ ਸਿੰਘ ਮਾਲ੍ਹਾ, ਐੱਸਸੀ ਮੋਰਚੇ ਦਾ ਆਗੂ ਰਣਜੀਤ ਸਿੰਘ ਨੱਥੂਚੱਕ, ਕੁਲਦੀਪ ਸਿੰਘ ਪਿਲੋਵਾਲ ਅਤੇ ਸੇਵਾਮੁਕਤ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲੀਸ ਰਣਧੀਰ ਸਿੰਘ ਉੱਪਲ ਨੇ ਵੀ ‘ਆਪ’ ਦਾ ਪੱਲਾ ਫੜ ਲਿਆ ਹੈ। ਇਸੇ ਦੌਰਾਨ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਮੀਤ ਪ੍ਰਧਾਨ ਰਣਧੀਰ ਸਿੰਘ ਧੀਰਾ ਅਤੇ ਕੌਂਸਲਰ ਆਸ਼ੂ ਵਿਨਾਇਕ ਕਾਂਗਰਸ ਛੱਡ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ। ਸ੍ਰੀ ਮਾਨ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸਾਰੇ ਆਗੂਆਂ ਵੱਲੋਂ ‘ਆਪ’ ਨੂੰ ਦਿੱਤੇ ਸਮਰਥਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਸਹਿਯੋਗ ਨਾਲ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ‘ਆਪ’ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 2 ਸਾਲਾਂ ਵਿੱਚ ਬੇਮਿਸਾਲ ਕੰਮ ਕੀਤੇ ਹਨ ਅਤੇ ਲੋਕ ਸਭਾ ਤੋਂ ਪਹਿਲਾਂ ਹੀ ਲੋਕ ਵੱਡੀ ਗਿਣਤੀ ਵਿੱਚ ‘ਆਪ’ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਦਾ ਮਤਲਬ ਹੈ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ 2022 ਦੀ ਤਰ੍ਹਾਂ ਇਸ ਵਾਰ ਵੀ ਭਾਰੀ ਵੋਟਾਂ ਨਾਲ 13 ਦੀਆਂ 13 ਸੀਟਾਂ ’ਤੇ ਜਿਤਾਵੇਗੀ।