ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਈ
ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਨੇ ਕਰੋਨਾ ਮਰੀਜ਼ਾਂ ਦੇ ਮਹਿੰਗੇ ਇਲਾਜ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਅੱਜ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਗਲਾਂ ਵਿਚ ਫਾਹੇ ਪਾ ਕੇ ਮੈਡੀਕਲ ਮਾਫੀਆ ਦਾ ਪੁਤਲਾ ਫੂਕਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕਿਹਾ ਕਿ ਕਰੋਨਾ ਦੇ ਇਲਾਜ ਦੀ ਆੜ ਹੇਠ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਪ੍ਰਤੀ ਬੈੱਡ ਇਲਾਜ ਦਾ ਖਰਚਾ ਤੈਅ ਕੀਤਾ ਹੋਇਆ ਹੈ ਪਰ ਪ੍ਰਾਈਵੇਟ ਹਸਪਤਾਲ ਆਪਣੀ ਮਨਮਰਜ਼ੀ ਨਾਲ ਮਰੀਜ਼ਾਂ ਨੂੰ ਆਰਥਿਕ ਤੌਰ ’ਤੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਡਾਕਟਰਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਆਰਥਿਕ ਸ਼ੋਸ਼ਣ ਕਰ ਕੇ ਆਪਣੇ ਹਸਪਤਾਲ ਵੱਡੇ ਬਣਾ ਲਏ ਹਨ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਮਰੀਜ਼ ਠੀਕ ਹੋਣ ਦੀ ਥਾਂ ਉਨ੍ਹਾਂ ਦੀਆਂ ਲਾਸ਼ਾਂ ਹਸਪਤਾਲਾਂ ਤੋਂ ਬਾਹਰ ਆ ਰਹੀਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੈਡੀਕਲ ਮਾਫੀਆ ਨੂੰ ਨੱਥ ਪਾਉਣ ’ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਜ਼ਿਲ੍ਹੇ ਦਾ ਕੋਈ ਵੀ ਅਫਸਰ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਮੌਕੇ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਪਾਰਟੀ ਦੇ ਯੂਥ ਪ੍ਰਧਾਨ ਕਮਲਜੀਤ ਸਿੰਘ, ਸੌਰਵ ਸ਼ਰਮਾ, ਰਣਜੀਤ ਸਿੰਘ, ਕੁਨਾਲ ਚੱਢਾ, ਨਵੀਨ ਸੇਠੀ, ਸੁਖਵਿੰਦਰ ਸਿੰਘ ਬਾਬਾ, ਰਾਹੁਲ ਸ਼ਰਮਾ, ਭੁਪਿੰਦਰ ਸਿੰਘ ਤੇ ਹਰਜਦਿੰਰ ਸਿੰਘ ਹਾਜ਼ਰ ਸਨ।