ਸ਼ਗਨ ਕਟਾਰੀਆ
ਬਠਿੰਡਾ, 30 ਜਨਵਰੀ
ਇੱਥੇ ਲੋਕ ਅਧਿਕਾਰ ਲਹਿਰ ਦੀ ਲੀਡਰਸ਼ਿਪ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਬਠਿੰਡਾ (ਸ਼ਹਿਰੀ) ਹਲਕੇ ਤੋਂ ‘ਆਪ’ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਸ੍ਰੀ ਗਿੱਲ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਲਹਿਰ ਵੱਲੋਂ ਪ੍ਰਗਟਾਏ ਵਿਸ਼ਵਾਸ ’ਤੇ ਖ਼ਰਾ ਉੱਤਰਨ ਦਾ ਵਾਅਦਾ ਕੀਤਾ ਹੈ। ਇਸ ਮੌਕੇ ਲੋਕ ਅਧਿਕਾਰ ਲਹਿਰ ਦੇ ਆਗੂ ਬਲਦੇਵ ਸਿੰਘ ਅਤੇ ਸਾਥੀਆਂ ਨੇ ਕਿਹਾ ਕਿ ਸਮੇਂ ਦੀ ਨਜ਼ਾਕਤ ਹੈ ਕਿ ਪੰਜਾਬ ’ਚ ਅਜਿਹੀ ਸਰਕਾਰ ਦਾ ਗਠਨ ਹੋਵੇ ਜਿਸ ਦੇ ਰਾਜ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਟੈਂਕੀਆਂ ’ਤੇ ਚੜ੍ਹਨ ਅਤੇ ਸੜਕਾਂ ’ਤੇ ਧਰਨੇ ਲਾਉਣ ਦੀ ਜ਼ਰੂਰਤ ਨਾ ਪਵੇ। ਉਨ੍ਹਾਂ ਕਿਹਾ ਕਿ ਸ੍ਰੀ ਗਿੱਲ ਦੀ ਚੋਣ ਮੁਹਿੰਮ ਅਤੇ ‘ਆਪ’ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਲਿਜਾਣ ਲਈ ਦਿਨ-ਰਾਤ ਇੱਕ ਕਰਦਿਆਂ ਜਿੱਤ ਨੂੰ ‘ਰਿਕਾਰਡ ਜਿੱਤ’ ਵਿੱਚ ਤਬਦੀਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਲਹਿਰ ਦੇ ਆਗੂਆਂ ਵੱਲੋਂ ਇਸ ਮੌਕੇ ਜਗਰੂਪ ਸਿੰਘ ਗਿੱਲ ਦਾ ਸਿਰੋਪਾਓ ਪਹਿਨਾ ਕੇ ਸਨਮਾਨ ਕੀਤਾ ਗਿਆ।