ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਮਈ
ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੀ ਗਈ ਦੋ ਦਿਨਾ ਤਾਲਾਬੰਦੀ ਦੇ ਪਹਿਲੇ ਦਿਨ ਅੱਜ ਸ਼ਹਿਰ ਵਿੱਚ ਦੁਕਾਨਾਂ ਅਤੇ ਕਾਰੋਬਾਰ ਬੰਦ ਰਹੇ ਜਦੋਂਕਿ ਹਲਕੀ ਆਵਾਜਾਈ ਚੱਲਦੀ ਰਹੀ। ਸ਼ਹਿਰ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਦੁਕਾਨਾਂ ਤੇ ਕਾਰੋਬਾਰ ਬੰਦ ਰਹੇ ਜਦੋਂਕਿ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਗਲੀ ਮੁਹੱਲਿਆਂ ਵਿੱਚ ਵੀ ਦੁਕਾਨਾਂ ਬੰਦ ਰਹੀਆਂ।
ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰੋਕਾਂ ਲਾ ਕੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਬੱਸ ਅੱਡੇ ’ਤੇ ਬੱਸਾਂ ਅਤੇ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਰਹੀ ਪਰ ਇੱਥੇ ਵੀ ਯਾਤਰੂ ਆਮ ਦਿਨਾਂ ਨਾਲੋਂ ਘੱਟ ਸਨ। ਅੱਜ ਇੱਥੇ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾਇਆ ਗਿਆ ਪਰ ਇਹ ਸਮਾਗਮ ਵੀ ਕਰੋਨਾ ਦੀ ਭੇਟ ਚੜ੍ਹ ਗਿਆ। ਅੱਜ ਸਮਾਗਮ ਵਿੱਚ ਸੰਗਤ ਸ਼ਾਮਲ ਨਹੀਂ ਹੋ ਸਕੀ। ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਆਮ ਦਿਨਾਂ ਨਾਲੋਂ ਸੰਗਤ ਦੀ ਆਮਦ ਘੱਟ ਸੀ।
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ਵਿੱਚ ਕੱਲ੍ਹ ਸ਼ਾਮ ਤੋਂ ਲੌਕਡਾਊਨ ਜਾਰੀ ਹੈ। ਜ਼ਰੂਰੀ ਵਸਤਾਂ ਨੂੰ ਛੱਡਕੇ ਬਾਕੀ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਸਵੇਰੇ ਸ਼ਹਿਰ ’ਚ ਸਬਜ਼ੀ ਦੀਆਂ ਰੇਹੜੀਆਂ ਲੱਗੀਆਂ ਸਨ ਜਿਸਨੂੰ ਬਾਅਦ ’ਚ ਪੁਲੀਸ ਪ੍ਰਸ਼ਾਸਨ ਵੱਲੋਂ ਹਟਵਾ ਦਿੱਤਾ ਗਿਆ। ਸ਼ਹਿਰ ’ਚ ਅੱਜ ਵੀ ‘ਹਿਊਮੈਨਿਟੀ ਫ਼ਰਸਟ’ ਵੱਲੋਂ ਸਪਰੇਅ ਕਰਵਾਇਆ ਗਿਆ। ਅੱਜ ਸ਼ਹਿਰ ਵਿੱਚ ਸਥਿਤ ਸ਼ੀਤਲਾ ਮੰਦਰ ਵਿੱਚ ਕਰੋਨਾ ਤੋਂ ਬਚਾਅ ਲਈ ਟੀਕੇ ਵੀ ਲਾਏ ਗਏ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਦਾ ਅਸਰ ਘਟਾਉਣ ਲਈ ਐਲਾਨੇ ਲੌਕਡਾਊਨ ਦਾ ਅਸਰ ਫਤਿਹਗੜ੍ਹ ਚੂੜੀਆਂ ਵਿੱਚ ਵੇਖਣ ਨੂੰ ਮਿਲਿਆ ਅਤੇ ਸ਼ਹਿਰ ਵਿੱਚ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ।
ਫਗਵਾੜਾ (ਜਸਬੀਰ ਸਿੰਘ ਚਾਨਾ): ਕਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਲਾਏ ਹਫ਼ਤਾਵਾਰੀ ਕਰਫ਼ਿਊ ਦੌਰਾਨ ਅੱਜ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਤੇ ਸੜਕਾ ’ਤੇ ਸੰਨਾਟਾ ਛਾਇਆ ਰਿਹਾ। ਅੱਜ ਸਵੇਰੇ ਤੋਂ ਹੀ ਸ਼ਹਿਰ ’ਚ ਦੁਕਾਨਾਂ ਬੰਦ ਰਹੀਆਂ ਤੇ ਦੁਕਾਨਦਾਰਾਂ ਨੇ ਘਰ ’ਚ ਰਹਿ ਕੇ ਸਮਾਂ ਗੁਜਾਰਿਆ। ਪੁਲੀਸ ਅਧਿਕਾਰੀਆਂ ਨੇ ਸ਼ਹਿਰ ’ਚ ਘੁੰਮ ਰਹੇ ਲੋਕਾਂ ਨੂੰ ਘਰ ਭੇਜਿਆ ਤੇ ਕਈਆਂ ਨੂੰ ਚੇਤਾਵਨੀ ਦਿੱਤੀ।
ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਹੇਠ ਹੋਟਲ ਮਾਲਕ ਤੇ ਮੈਨੇਜਰ ’ਤੇ ਕੇਸ
ਫਗਵਾੜਾ: ਕਰਫ਼ਿਊ ਦੌਰਾਨ ਡੀਸੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸਦਰ ਪੁਲੀਸ ਨੇ ਇੱਕ ਹੋਟਲ ਮਾਲਕ ਤੇ ਮੈਨੇਜਰ ਖਿਲਾਫ਼ ਧਾਰਾ 188, ਡਿਜਾਸਟਰ ਮੈਨਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਪੀ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਉਕਤ ਹੋਟਲ ’ਚ ਦੇਰ ਰਾਤ ਤੱਕ ਸਮਾਗਮ ਚੱਲ ਰਿਹਾ ਸੀ ਜਿਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ। – ਪੱਤਰ ਪ੍ਰੇਰਕ
ਪਠਾਨਕੋਟ ’ਚ ਕਰਫਿਊ ਦੀ ਉਲੰਘਣਾ, ਤਿੰਨ ਕੇਸ ਦਰਜ
ਪਠਾਨਕੋਟ: ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਥਾਣਾ ਡਿਵੀਜ਼ਨ ਨੰਬਰ 1 ਵਿੱਚ ਦੋ ਅਤੇ ਡਿਵੀਜ਼ਨ ਨੰਬਰ 2 ਵਿੱਚ ਇੱਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਥਾਨਕ ਟੀਚਰ ਕਲੋਨੀ ਦਾ ਚੇਤਨ ਉਰਫ਼ ਚੀਕੂ ਟਾਈਗਰ ਚੌਕ ਕੋਲ ਪੈਦਲ ਘੁੰਮ ਰਿਹਾ ਸੀ ਅਤੇ ਬਿਨਾਂ ਮਾਸਕ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ, ਇਸੇ ਤਰ੍ਹਾਂ ਰਮਨ ਵਾਸੀ ਘਰਥੌਲੀ ਮੁਹੱਲਾ ਵੀ ਬਿਨਾਂ ਮਾਸਕ ਘੁੰਮ ਰਿਹਾ ਸੀ। ਦੋਵਾਂ ਖਿਲਾਫ਼ 188 ਕੇਸ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਡਿਵੀਜ਼ਨ ਨੰਬਰ 2 ਵੱਲੋਂ ਵੀ ਸ਼ਿਵਾ ਵਾਸੀ ਸੁੰਦਰ ਨਗਰ ਖਿਲਾਫ਼ ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ