ਦਲਬੀਰ ਸੱਖੋਵਾਲੀਆ
ਬਟਾਲਾ, 9 ਦਸੰਬਰ
ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਅਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਪਾਰਟੀ ਉਮੀਦਵਾਰ ਐਲਾਨੇ ਜਾਣ ਨਾਲ ਟਿਕਟ ਦੀ ਝਾਕ ਰੱਖਦੇ ਕਈ ਆਗੂਆਂ ਦੇ ਸੁਫ਼ਨੇ ਪੂਰੇ ਨਹੀਂ ਹੋਏ। ਪਾਰਟੀ ਦੇ ਕਈ ਆਗੂ ਇਸ ਹਲਕੇ ਤੋਂ ਟਿਕਟ ਲੈਣ ਦੇ ਚਾਹਵਾਨ ਸਨ। 2017 ਤੋਂ ਹਲਕਾ ਬਟਾਲਾ ਤੋਂ ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਣੇ ਸਨ ਪਰ ਹੁਣ ਉਨ੍ਹਾਂ ਵੱਲੋਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੱਛਾ ਰੱਖਣ ’ਤੇ ਟਿਕਟ ਦਿੱਤੀ ਗਈ ਹੈ। ਇਸ ਕਾਰਨ ਹਲਕਾ ਬਟਾਲਾ ਲਈ ਕਈ ਸਥਾਨਕ ਆਗੂਆਂ ਨੇ ਲੰਘੇ ਛੇ ਮਹੀਨਿਆਂ ਤੋਂ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ। ਪਹਿਲਾਂ ਇਹ ਵੀ ਚਰਚਾ ਰਹੀ ਸੀ ਕਿ ਬਟਾਲਾ ਵਿੱਚ ਹਿੰਦੂ ਵੋਟਰ ਜ਼ਿਆਦਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਤੋਂ ਕਿਸੇ ਹਿੰਦੂ ਚਿਹਰੇ ਨੂੰ ਟਿਕਟ ਦਿੱਤੀ ਜਾਵੇਗੀ। ਉਂਜ ਤਿੰਨ ਮਹੀਨੇ ਪਹਿਲਾਂ ਇੱਥੋਂ ਦੇ ਇੱਕ ਕਾਂਗਰਸੀ ਆਗੂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਵੀ ਐਨ ਮੌਕੇ ’ਤੇ ਧਰੀ ਧਰਾਈ ਰਹਿ ਗਈ ਸੀ। ਉਧਰ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਆਖਿਆ ਕਿ ਜਥੇਦਾਰ ਛੋਟੇਪੁਰ ਮਿਹਨਤੀ ਵਰਕਰ ਹੈ, ਉਸ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਹਲਕਾ ਕਾਦੀਆਂ, ਡੇਰਾ ਬਾਬਾ ਨਾਨਕ ਅਤੇ ਸ੍ਰੀ ਹਰਗੋਬਿੰਦਪੁਰ ਵਿੱਚ ਵੀ ਪਾਰਟੀ ਨੂੰ ਬਲ ਮਿਲੇਗਾ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਪਾਰਟੀ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਅਤੇ ਕਾਦੀਆਂ ਤੋਂ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਜਥੇਦਾਰ ਛੋਟੇਪੁਰ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।