ਜਸਵੰਤ ਜੱਸ
ਫਰੀਦਕੋਟ, 21 ਅਪਰੈਲ
ਇੱਥੇ ਜੌੜੀਆਂ ਨਹਿਰਾਂ ’ਤੇ ਜੰਗਲਾਤ ਵਿਭਾਗ ਵੱਲੋਂ 7 ਏਕੜ ਵਿੱਚ ਵਿਕਸਿਤ ਕੀਤੇ ਗਏ ਪਾਰਕ ਦੇ ਉਦਘਾਟਨ ਮੌਕੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਤੇ ਵਰਕਰ ਸ਼ਾਮਲ ਨਹੀਂ ਹੋਏ। ਇਸ ਪਾਰਕ ਦਾ ਉਦਘਾਟਨ ਕੋਟਕਪੂਰਾ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਸਮਾਗਮ ਵਿੱਚ ਸਥਾਨਕ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਹਾਜ਼ਰ ਨਹੀਂ ਸਨ। ਪਾਰਟੀ ਦੇ ਜ਼ਿਲ੍ਹਾ ਆਗੂ ਸ਼ੇਰ ਬਾਜ਼ ਸਿੰਘ, ਬਲਜੀਤ ਸਿੰਘ ਅਤੇ ਹੈਪੀ ਸਿੰਘ ਨੇ ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਇਤਰਾਜ਼ ਕੀਤਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ, ਜਿਸ ਕਰਕੇ ਪਾਰਟੀ ਦੇ ਵਰਕਰ ਤੇ ਆਗੂ ਬੇਹੱਦ ਨਿਰਾਸ਼ ਹਨ। ਇਸ ਰੋਸ ਕਾਰਨ ਅੱਜ ਸਥਾਨਕ ਆਗੂ ਸਮਾਗਮ ਵਿੱਚ ਨਹੀਂ ਗਏ। ਸੂਤਰਾਂ ਅਨੁਸਾਰ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਤੁਰੰਤ ਚੰਡੀਗੜ੍ਹ ਬੁਲਾ ਲਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਵਿਧਾਇਕ ਜਾਂ ਆਗੂ ਨਾਲ ਕੋਈ ਪੱਖਪਾਤ ਨਹੀਂ ਹੋਵੇਗਾ। ਦੱਸਣਾ ਬਣਦਾ ਹੈ ਕਿ ਨਹਿਰਾਂ ਉੱਪਰ ਬਣ ਰਿਹਾ ਪਾਰਕ ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਸੀ ਅਤੇ ਇਹ ਮਾਮਲਾ ਅਦਾਲਤ ਦੇ ਵੀ ਵਿਚਾਰ ਅਧੀਨ ਹੈ ਪਰ ਜੰਗਲਾਤ ਵਿਭਾਗ ਨੇ ਅਧੂਰੇ ਪਾਰਕ ਦਾ ਅੱਜ ਉਦਘਾਟਨ ਕਰਵਾ ਦਿੱਤਾ। ਇਸ ਪਾਰਕ ਉੱਪਰ 33 ਲੱਖ ਰੁਪਏ ਖਰਚ ਆਏ ਹਨ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਇਸ ਪਾਰਕ ਦੀ ਥਾਂ ਉੱਪਰ ਹੋਏ ਨਾਜਾਇਜ਼ ਕਬਜ਼ਿਆਂ ਅਤੇ ਕੂੜਾ ਡੰਪ ਨੂੰ ਚੁਕਾਉਣ ਲਈ ਵੱਡੀ ਭੂਮਿਕਾ ਨਿਭਾਈ ਸੀ।
ਗੁਰਦਿੱਤ ਸੇਖੋਂ ਮਿਹਨਤੀ ਹਨ: ਸੰਧਵਾਂ
ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰਦਿੱਤ ਸਿੰਘ ਸੇਖੋਂ ਪਾਰਟੀ ਦੇ ਸਭ ਤੋਂ ਮਿਹਨਤੀ ਵਿਧਾਇਕ ਹਨ ਅਤੇ ਉਹ ਆਪਣੇ ਰੁਝੇਂਵਿਆਂ ਕਰਕੇ ਸਮਾਗਮ ਵਿੱਚ ਨਹੀਂ ਆ ਸਕੇ। ਪਾਰਟੀ ਦੇ ਸਾਰੇ ਆਗੂ ਰਲ ਮਿਲ ਕੇ ਕੰਮ ਕਰ ਰਹੇ ਹਨ। ਜੰਗਲਾਤ ਵਿਭਾਗ ਦੇ ਵਣ ਰੇਂਜ ਅਫ਼ਸਰ ਸੰਜੇ ਬਾਂਸਲ ਨੇ ਕਿਹਾ ਕਿ ਉਨ੍ਹਾਂ ਵਿਧਾਇਕ ਨੂੰ ਸਮਾਗਮ ਦਾ ਸੱਦਾ ਪੱਤਰ ਭੇਜਿਆ ਸੀ ਪਰ ਉਹ ਚੰਡੀਗੜ੍ਹ ਹੋਣ ਕਰਕੇ ਨਹੀਂ ਆ ਸਕੇ।