ਮਹਿੰਦਰ ਕੌਰ ਮੰਨੂ
ਸੰਗਰੂਰ, 24 ਨਵੰਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਦੇ 6ਵੇਂ ਸਾਲਾਨਾ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਪ੍ਰਤੀਬੱਧ ਲੇਖਕ ਸਮਕਾਲੀ ਸਮੱਸਿਆਵਾਂ ਅਤੇ ਚੁਣੌਤੀਆਂ ਤੋਂ ਭਗੌੜਾ ਨਹੀਂ ਹੁੰਦਾ ਅਤੇ ਲੋਕ ਲਹਿਰਾਂ ਨਾਲ ਇਕਸੁਰ ਸਾਹਿਤ ਹੀ ਲੋਕ ਸਾਹਿਤ ਬਣਨ ਦੇ ਸਮਰੱਥ ਹੁੰਦਾ ਹੈ। ਪੰਜਾਬੀ ਪਾਸਾਰ ਭਾਈਚਾਰੇ ਵੱਲੋਂ ਹਰਬਖਸ਼ ਸਿੰਘ ਗਰੇਵਾਲ ਨੇ ਸਮੂਹ ਸਾਹਿਤ ਸਭਾਵਾਂ ਨੂੰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ।
ਕੇਂਦਰੀ ਪੰਜਾਬੀ ਸਭਾ ਦੇ ਮੀਤ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਲੋਕ ਸਾਹਿਤ ਮੰਚ ਲੁਧਿਆਣਾ ਦੇ ਪ੍ਰਧਾਨ ਮਿੱਤਰ ਸੈਨ ਮੀਤ ਨੇ ਕਿਹਾ ਕਿ ਸਾਹਿਤ ਸਭਾਵਾਂ ਲੋਕ ਸੰਘਰਸ਼ਾਂ ਵਿੱਚ ਬਣਦੀ ਭੂਮਿਕਾ ਨਿਭਾਉਣ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ, ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਅਤੇ ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਜੇ ਸਾਹਿਤ ਨੂੰ ਜਿਉਂਦਾ ਰੱਖਣਾ ਹੈ ਤਾਂ ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਨੀ ਪਵੇਗੀ।
ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਸਭਾ ਦੀਆਂ ਸਾਹਿਤਕ ਸਰਗਰਮੀਆਂ ਦੀ ਚਰਚਾ ਕੀਤੀ। ਸਾਹਿਤਕਾਰਾਂ ਨੇ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਦਾ ਮਤਾ ਪਾਸ ਕੀਤਾ। ਪ੍ਰਧਾਨਗੀ ਮੰਡਲ ਨੇ ਸਭਾ ਦਾ ਸਾਲ 2020 ਲਈ ‘ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ’, ਡਾ. ਸੁਰਜੀਤ ਬਰਾੜ ਨੂੰ ‘ਗੁਰਮੇਲ ਮਡਾਹੜ ਗਲਪ ਪੁਰਸਕਾਰ’ ਕਹਾਣੀਕਾਰ ਅਤਰਜੀਤ ਨੂੰ, ‘ਮਹਿੰਦਰ ਮਾਨਵ ਕਵਿਤਾ ਪੁਰਸਕਾਰ’ ਪਾਲੀ ਖ਼ਾਦਿਮ ਨੂੰ ਅਤੇ ‘ਹਰਭਜਨ ਨੀਰ ਯਾਦਗਾਰੀ ਪੁਰਸਕਾਰ’ ਭੋਲਾ ਸਿੰਘ ਸੰਘੇੜਾ ਨੂੰ ਦਿੱਤਾ। ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਕਵੀ ਸੁਖਵਿੰਦਰ ਸਿੰਘ ਲੋਟੇ ਦਾ ਸਨਮਾਨ ਕੀਤਾ ਗਿਆ।
ਸੁਰਿੰਦਰ ਸਿੰਘ ਤੇਜ ਨੂੰ ਮਿਲੇਗਾ ‘ਕਰਨਲ ਨਰੈਣ ਸਿੰਘ ਭੱਠਲ’ ਪੁਰਸਕਾਰ
ਬਰਨਾਲਾ (ਖੇਤਰੀ ਪ੍ਰਤੀਨਿਧ): ਅਦਾਰਾ ‘ਕਲਾਕਾਰ’ ਅਤੇ ‘ਕੌਮਾਂਤਰੀ ਕਲਾਕਾਰ ਸੰਗਮ’ ਪੰਜਾਬ ਵੱਲੋਂ ਮਾਲਵਾ ਸਾਹਿਤ ਸਭਾ ਬਰਨਾਲਾ ਦੇ ਸਹਿਯੋਗ ਨਾਲ ਕਿਰਤੀ ਅਤੇ ਕਿਸਾਨਾਂ ਨੂੰ ਸਮਰਪਿਤ ਸਾਲਾਨਾ ਸਨਮਾਨ ਸਮਾਗਮ, ਲੋਕ ਅਰਪਣ ਅਤੇ ਕਵੀ ਦਰਬਾਰ ਪ੍ਰੋਗਰਾਮ 29 ਨਵੰਬਰ ਨੂੰ ਕਲਾਕਾਰ ਭਵਨ ਬਰਨਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਬਲਦੇਵ ਸਿੰਘ ਸੜਕਨਾਮਾ ਹੋਣਗੇ, ਪ੍ਰਧਾਨਗੀ ਡਾ. ਕੇ.ਕੇ. ਰੱਤੂ ਕਰਨਗੇ। ਅਦਾਰੇ ਦੇ ਸਕੱਤਰ ਜਨਰਲ ਕੰਵਰਜੀਤ ਭੱਠਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੂੰ ਛੇਵਾਂ ‘ਕਰਨਲ ਨਰੈਣ ਸਿੰਘ ਭੱਠਲ ਕਲਾਕਾਰ ਸਾਹਿਤਕ ਪੱਤਰਕਾਰ’ ਪੁਰਸਕਾਰ-2020 ਦਿੱਤਾ ਜਾ ਰਿਹਾ ਹੈ। ਪਰਮਜੀਤ ਮਾਨ ਅਤੇ ਨਿਰੰਜਣ ਬੋਹਾ ਨੂੰ 24ਵਾਂ ਕਰਨਲ ਨਰੈਣ ਸਿੰਘ ਭੱਠਲ ਕਹਾਣੀ ਪੁਰਸਕਾਰ, ਕਹਾਣੀਕਾਰ ਸਿਮਰਜੀਤ ਕੌਰ ਬਰਾੜ ਸਿਮੀ ਨੂੰ ਭਾਈ ਘਨ੍ਹੱਈਆ ਨਿਸ਼ਕਾਮ ਸੇਵਾ ਸਨਮਾਨ ਅਤੇ ਤੇਜਿੰਦਰ ਫਰਵਾਹੀ, ਪ੍ਰੋ. ਸਿਮਰਜੀਤ ਕੌਰ ਸਿਮੀ, ਲਾਲ ਸਿੰਘ ਕਲਸੀ, ਪ੍ਰੀਤਮਾ ਦੋਮੇਲ, ਰਸ਼ੀਦ ਅੱਬਾਸ, ਹਰਜੀਤ ਕੌਰ ਬਾਜਵਾ, ਮਨਮੋਹਨ ਕੌਰ ਕਹਾਣੀਕਾਰਾਂ ਦਾ ਕਹਾਣੀ ਲਈ ਸਨਮਾਨ ਕੀਤਾ ਜਾਵੇਗਾ।