ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਜੂਨ
ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਆਬਕਾਰੀ ਨੀਤੀ ਦਾ ਵਿਰੋਧ ਕਰ ਰਹੇ ਸੂਬੇ ਵਿਚਲੇ ਸ਼ਰਾਬ ਦੇ ਠੇਕੇਦਾਰਾਂ ਨੇ ਅੱਜ ਇਥੇ ਰੋਡ ਸ਼ੋਅ ਲਈ ਪਹੁੰਚੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਰਾਬ ਦੇ ਠੇਕੇਦਾਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਬਕਾਰੀ ਨੀਤੀ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਇੱਕ ਪ੍ਰੈੱਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਰਾਬ ਦੇ ਸਮੂਹ ਠੇਕੇਦਾਰਾਂ ਵੱਲੋਂ ਪਿੰਦਰ ਬਰਾੜ, ਡੀਕੇ ਖੋਸਲਾ, ਸਰਤਾਜ ਬਾਜਵਾ ਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਰੀਬ 750 ਗਰੁੱਪ ਹਨ ਤੇ ਇਨ੍ਹਾਂ ਦੇ ਕੁਲ 6300 ਠੇਕੇ ਹਨ। ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਨਾਲ ਸਿੱਧੂ ਤੌਰ ’ਤੇ 3000 ਪਰਿਵਾਰ ਤੇ 7500 ਪਰਿਵਾਰ ਮੁਲਾਜ਼ਮਾਂ ਵਜੋਂ ਜੁੜੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਫੀਸਦ ਸਕਿਊਰਟੀ ਦੀ ਰਕਮ ਨੂੰ ਪਿਛਲੇ ਸਾਲਾਂ ਦੀ ਤਰਜ਼ ’ਤੇ 17 ਤੋਂ ਘਟਾ ਕੇ 10 ਫੀਸਦ ਕੀਤਾ ਜਾਵੇ, ਸਕਿਓਰਿਟੀ ਲਾਇਸੈਂਸ ਫੀਸ ਦਾ ਹਿੱਸਾ ਹੋਵੇ, ਲਾਇਸੈਂਸ ਫੀਸ ਮਹੀਨੇ ਦੀ ਆਖ਼ਰੀ ਤਾਰੀਕ ਤੱਕ ਲਈ ਜਾਵੇ, ਦੇਸ਼ੀ ਸ਼ਰਾਬ ਦੀ ਤਰਜ਼ ’ਤੇ ਅੰਗਰੇਜ਼ੀ ਤੇ ਬੀਅਰ ਦਾ ਕੋਟਾ ਨਿਰਧਾਰਤ ਕੀਤਾ ਜਾਵੇ, ਪਿਛਲੀ ਆਬਕਾਰੀ ਨੀਤੀ ਦੀ ਤਰਜ਼ ’ਤੇ ਠੇਕਿਆਂ ਤੋਂ ਲਾਇਸੰਸ ਫੀਸ ਘਟਾ ਕੇ ਐਲ-13 ਅਤੇ ਐਲ-1 ’ਤੇ ਲਾਈ ਜਾਵੇ, ਪਿਛਲੇ ਸਾਲ ਵਾਂਗ ਐਲ-1 ਦੀ ਫੀਸ 25 ਲੱਖ ਕੀਤੀ ਜਾਵੇ, ਗਰੁੱਪ ਸਾਇਜ਼ 30 ਕਰੋੜ ਤੋਂ ਘਟਾ ਕੇ 8 ਤੋਂ 10 ਕਰੋੜ ਦਾ ਕੀਤਾ ਜਾਵੇ, ਈ-ਟੈਂਡਰ ਦੀ ਥਾਂ ’ਤੇ ਲਾਟਰੀ ਕੀਤੀ ਜਾਵੇ ਤੇ ਸਾਰੇ ਬਰਾਡਾਂ ਦੀ ਈਡੀਪੀ ਕਲੀਅਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਮੰਗਾਂ ਮਨਜ਼ੂਰ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਮੰਦਰ ਦੀ ਕੰਧ ਤੇ ਗੇਟ ’ਤੇ ਲਿਖੇ ਖਾਲਿਸਤਾਨੀ ਪੱਖੀ ਨਾਅਰੇ
ਸੰਗਰੂਰ: ਇਥੇ ਪਟਿਆਲਾ ਗੇਟ ਸਥਿਤ ਮਾਤਾ ਕਾਲੀ ਦੇਵੀ ਮੰਦਰ ਦੀ ਕੰਧ ਅਤੇ ਪਿਛਲੇ ਗੇਟ ਉਪਰ ਅੱਜ ਸਵੇਰੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਵਾਈ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵਲੋਂ ਅੰਜਾਮ ਦਿੱਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲੀਸ ਹਰਕਤ ਵਿੱਚ ਆ ਗਈ ਅਤੇ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਸ਼ੋਸਲ ਮੀਡੀਆ ’ਤੇ ਇੱਕ ਵੀਡੀਆ ਘੁੰਮ ਰਹੀ ਹੈ ਜਿਸ ਵਿਚ ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾਲਿਸਤਾਨੀ ਪੱਖੀ ਨਾਅਰਿਆਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਸੰਗਰੂਰ ਪੁਲੀਸ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।