ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਲਾਈਨਮੈਨ ਅਤੇ ਸਹਾਇਕ ਲਾਈਨਮੈਨ ਦੀਆਂ ਭਰੀਆਂ ਜਾਣ ਵਾਲੀਆਂ ਦੋ ਹਜ਼ਾਰ ਆਸਾਮੀਆਂ ਲਈ ‘ਆਪ’ ਸਰਕਾਰ ਵੱਲੋੋਂ ਲਿਖਤੀ ਟੈਸਟ ਲੈਣ ਦੀ ਰੱਖੀ ਗਈ ਸ਼ਰਤ ਨੂੰ ਰੱਦ ਕਰਵਾਉਣ ਲਈ ਭੇਡਪੁਰਾ ਪਿੰਡ ਕੋਲੋਂ ਦੀ ਲੰਘਦੇ ਬਿਜਲੀ ਸਪਲਾਈ ਵਾਲੇ ਵੱਡੇ ਟਾਵਰ ’ਤੇ ਚੜ੍ਹੇ ਅਪਰੈਂਟਿਸ ਲਾਈਨਮੈਨ ਯੂਨੀਅਨ ਦੇ ਅੱਧੀ ਦਰਜਨ ਆਗੂ ਅੱੱਜ ਤੀਜੇ ਦਿਨ ਵੀ ਟਾਵਰ ’ਤੇ ਹੀ ਡਟੇ ਰਹੇ। ਅੱਜ ਲਗਾਤਾਰ ਦੂਜੇ ਦਿਨ ਵੀ ਮੀਂਹ ਪੈਂਦਾ ਰਿਹਾ। ਉਂਜ ਮੀਂਹ ਤੋਂ ਬਚਣ ਲਈ ਉਨ੍ਹਾ ਨੇ ਇਸ ਟਾਵਰ ਦੇ ਉਪਰ ਜੁਗਾੜੂ ਤਰੀਕੇ ਨਾਲ਼ ਝੁੱਗੀਆਂ ਬਣਾ ਲਈਆਂ ਹਨ। ਉਧਰ ਇਨ੍ਹਾਂ ਦੇ ਦਰਜਨਾ ਹੀ ਸਾਥੀਆਂ ਨੇ ਅੱਜ ਇਸ ਟਾਵਰ ਦੇ ਹੇਠਾਂ ਹੀ ਟਰਾਲੀਆਂ ਦੇ ਉਪਰ ਤੰਬੂ ਫਿੱਟ ਕਰਕੇ ਦਿੱਲੀ ਮੋਰਚੇ ਦੀ ਤਰਜ ’ਤੇ ਆਪਣੀਆਂ ‘ਪੱਕੀਆਂ ਠਹਿਰਾਂ’ ਬਣਾ ਲਈਆਂ ਹਨ। ਇਨ੍ਹਾਂ ਬੇਰੁਜ਼ਗਾਰਾਂ ਲਈ ਚਾਹ ਅਤੇ ਲੰਗਰ ਆਦਿ ਦਾ ਪ੍ਰਬੰਧ ਪਿੰਡ ਵਾਸੀਆਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਸੰਘਰਸ਼ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਕਰ ਰਹੇ ਹਨ। ਰਾਕੇਸ਼ ਕੁਮਾਰ ਸਮੇਤ ਜਥੇਬੰਦੀ ਦੇ ਆਗੂ ਪਵਿੱਤਰ ਸੰਗਤਪੁਰਾ, ਤੁਸ਼ਾਰ,ਜਗਸੀਰ ਸਿੰਘ, ਮੁਖਤਿਆਰ ਸਿੰਘ ਅਤੇ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਟੈਸਟ ਦੀ ਸ਼ਰਤ ਰੱਦ ਕਰਵਾਉਣ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸੇ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ ਅਤੇ ਜਸਦੇਵ ਸਿੰਘ ਨੂਗੀ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਵੀ ਇਨ੍ਹਾਂ ਨੌਜਵਾਨਾ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ।