ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਯਾਦ ’ਚ ਅੱਜ ਪੁਲੀਸ ਲਾਈਨ ਵਿੱਚ ‘ਪੁਲੀਸ ਸ਼ਹੀਦੀ ਯਾਦਗਾਰ ਦਿਵਸ’ ਦੇ ਬੈਨਰ ਹੇਠ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਦੇਸ਼ ਅਤੇ ਦੇਸ਼ ਵਾਸੀਆਂ ਦੀ ਖਾਤਰ ਆਪਾ ਵਾਰਨ ਵਾਲੇ ਇਹ ਜਾਂਬਾਜ਼ ਯੋਧੇ ਹਮੇਸ਼ਾਂ ਦੇਸ਼ ਵਾਸੀਆਂ ਦੇ ਚੇਤਿਆਂ ’ਚ ਤਾਜ਼ਾ ਰਹਿਣਗੇੇ। 21 ਅਕਤੂਬਰ 1959 ਨੂੰ ਚੀਨੀ ਫ਼ੌਜ ਦੇ ਹਮਲੇ ਦੌਰਾਨ ਸ਼ਹੀਦ ਹੋਈ ਸੀਆਰਪੀਐੱਫ ਦੀ ਦਸ ਮੈਂਬਰੀ ਟੁਕੜੀ ਦੀ ਬਹਾਦਰੀ ਨੂੰ ਯਾਦ ਅਤੇ ਸਿਜਦਾ ਕਰਦਿਆਂ ਆਈਜੀ ਨੇ ਪੰਜਾਬ ਵਿਚਲੇ ਅਤਿਵਾਦ ਦੇ ਕਾਲੇ ਦੌਰ ’ਤੇ ਆਧਾਰਤ ਦਾਸਤਾਨ ਨੂੰ ਵੀ ਛੂਹਿਆ। ਉਨ੍ਹਾਂ ਆਖਿਆ ਕਿ ਅਤਿਵਾਦ ਖ਼ਾਤਮੇ ’ਚ ਲੋਕਾਂ ਦੇ ਸਹਿਯੋਗ ਦੀ ਭੂਮਿਕਾ ਅਹਿਮ ਰਹੀ। ਕਰੋਨਾ ਵੀ ਕਿਸੇ ਅਤਿਵਾਦ ਤੋਂ ਘੱਟ ਨਹੀਂ। ਇਹ ਜੰਗ ਜਿੱਤਣ ਲਈ ਵੀ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਪਟਿਆਲਾ ਪੁਲੀਸ ਦੇ 39 ਮੁਲਾਜ਼ਮਾਂ ਦੀ ਮੌਤ ਹੋਈ ਹੈ।
ਇਸ ਤੋਂ ਪਹਿਲਾਂ ਆਈਜੀ ਨੇ ਪਰੇਡ ਕਮਾਂਡਰ ਏਐੱਸਪੀ ਮੁਹੰਮਦ ਸਰਫ਼ਰਾਜ਼ ਆਲਮ (ਆਈਪੀਐੱਸ ਟ੍ਰੇਨੀ) ਦੀ ਅਗਵਾਈ ਹੇਠਲੀ ਟੁਕੜੀ ਤੋਂ ਸਲਾਮੀ ਲਈ ਅਤੇ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਡੀਐੱਸਪੀ (ਐੱਚ) ਗੁਰਦੇਵ ਸਿੰਘ ਧਾਲੀਵਾਲ ਅਤੇ ਹੋਰਾਂ ਦੀ ਦੇਖ-ਰੇਖ ਹੇਠਲੇ ਇਸ ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਲਾਏ ਗਏ ਖੂਨਦਾਨ ਕੈਂਪ ਦੌਰਾਨ ਆਈਜੀ ਜਤਿੰਦਰ ਔਲਖ ਨੇ 60ਵੀਂ ਵਾਰ ਅਤੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ 13ਵੀਂ ਵਾਰ ਖੂਨਦਾਨ ਕੀਤਾ। ਇਸ ਦੌਰਾਨ ਮੁਹੰਮਦ ਸਰਫਰਾਜ਼ ਆਲਮ, ਇੰਸਪੈਕਟਰ ਸ਼ਮਿੰਦਰ ਸਿੰਘ, ਥਾਣੇਦਾਰ ਲਕੇਸ਼ ਸ਼ਰਮਾ ਤੇ ਪਵਿੱਤਰ ਸਿੰਘ ਸਮੇਤ 42 ਪੁਲੀਸ ਮੁਲਾਜ਼ਮਾਂ ਨੇ ਖੂਨਦਾਨ ਕੀਤਾ ਗਿਆ। ਇਸ ਮੌਕੇ ਖੂਨਦਾਨੀ ਤੇ ਨੈਸ਼ਨਲ ਐਵਾਰਡੀ ਪਰਮਿੰਦਰ ਭਲਵਾਨ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।
ਕਰੋਨਾ ਮਹਾਮਾਰੀ ਦੌਰਾਨ ਪੁਲੀਸ ਦੇ 40 ਜਵਾਨਾਂ ਦੀ ਜਾਨ ਗਈ: ਗੁਪਤਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਨੇ 61ਵੇਂ ਪੁਲੀਸ ਯਾਦਗਾਰ ਦਿਵਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀਏਪੀ ਕੰਪਲੈਕਸ ਵਿਚ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੁਪਤਾ ਨੇ ਕੋਵਿਡ ਮਹਾਮਾਰੀ ਅਤੇ ਖਾਸ ਕਰਕੇ ਲੌਕਡਾਊਨ/ਕਰਫਿਊ ਦੌਰਾਨ ਪੰਜਾਬ ਪੁਲੀਸ ਵੱਲੋਂ ਮਾਨਵਤਾ ਦੀ ਸੇਵਾ ਲਈ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਵਿਰੁੱਧ ਲੜਾਈ ਦੌਰਾਨ ਪੁਲੀਸ ਦੇ 40 ਅਫ਼ਸਰਾਂ ਅਤੇ ਜਵਾਨਾਂ ਨੇ ਆਪਣੀਆਂ ਜਾਨਾਂ ਵਾਰੀਆਂ ਹਨ। ਉਨ੍ਹਾਂ ਨੇ ਇਨ੍ਹਾਂ ਕਰੋਨਾ ਯੋਧਿਆਂ ਨੂੰ ਸਮੁੱਚੇ ਸੁਰੱਖਿਆ ਬਲਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਡੀਜੀਪੀ ਗੁਪਤਾ ਨੇ ਦਾਅਵਾ ਕੀਤਾ ਕਿ ਪੰਜਾਬ ਪੁਲੀਸ ਵੱਲੋਂ ਕਰੋਨਾ ਮਹਾਮਾਰੀ ਦੀ ਔਖੀ ਘੜੀ ਵਿੱਚ ਸੂਬੇ ਦੇ 12 ਕਰੋੜ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਰਾਹਤ ਸਮੱਗਰੀ ਵਿੱਚ ਸੁੱਕਾ ਰਾਸ਼ਨ ਅਤੇ ਖਾਣੇ ਦੇ ਪੈਕਟ ਸ਼ਾਮਲ ਸਨ। ਹਾਲਾਂਕਿ ਪੰਜਾਬ ਦੀ ਆਬਾਦੀ ਢਾਈ ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਕਮਾਂਡੈਂਟ ਆਈਐੱਸਟੀਸੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਪੂਰੇ ਦੇਸ਼ ਵਿੱਚ ਪੁਲੀਸ ਦੇ 264 ਜਵਾਨ ਸ਼ਹੀਦ ਹੋਏ ਸਨ।