ਅਮਲੋਹ (ਪੱਤਰ ਪ੍ਰੇਰਕ): ਅਮਲੋਹ ਵਿੱਚ ਪਹਿਲੇ ਮੀਂਹ ਨਾਲ ਹੀ ਜਿੱਥੇ ਬਾਜ਼ਾਰਾਂ ਵਿੱਚ ਪਾਣੀ ਖੜ੍ਹ ਗਿਆ, ਉੱਥੇ ਨਗਰ ਕੌਂਸਲ ਪ੍ਰਧਾਨ ਡਾ. ਹਰਪ੍ਰੀਤ ਸਿੰਘ ਨੇ ਕੌਂਸਲ ਮੁਲਾਜ਼ਮਾਂ ਰਾਹੀਂ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ। ਬੁੱਗਾ ਚੌਕ ਵਿੱਚ ਮੀਂਹ ਦਾ ਭਾਰੀ ਮਾਤਰਾ ਵਿੱਚ ਪਾਣੀ ਇਕੱਠਾ ਹੋ ਗਿਆ ਜਿੱਥੇ ਸਮਾਜ ਸੇਵੀ ਅਤੇ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਮੇਜੀ, ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਸੂਬਾਈ ਆਗੂ ਸੁਖਵਿੰਦਰ ਕੌਰ, ਰਿਟ. ਅਧਿਆਪਕ ਦਰਸ਼ਨ ਸਿੰਘ, ਸਾਹਿਬਪ੍ਰੀਤ ਸਿੰਘ ਅਤੇ ਗੁਰਦੀਪ ਸਿੰਘ ਅਮਲੋਹ ਨੇ ਜਾ ਕੇ ਜਾਇਜ਼ਾ ਲੈਣ ਉਪਰੰਤ ਇਹ ਮਾਮਲਾ ਕੌਂਸਲ ਦੇ ਧਿਆਨ ਵਿੱਚ ਲਿਆ ਕੇ ਇਸਦਾ ਹੱਲ ਕਰਵਾਇਆ। ਮੀਂਹ ਅਤੇ ਤੇਜ਼ ਹਨੇਰੀ ਕਾਰਨ ਅਮਲੋਹ ਸ਼ਹਿਰ ਅਤੇ ਪਿੰਡਾਂ ਦੀ ਬਿਜਲੀ 9 ਘੰਟੇ ਦੇ ਕਰੀਬ ਗੁੱਲ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਸੜਕਾਂ ਉਪਰ ਦਰੱਖਤ ਆਦਿ ਡਿੱਗ ਗਏ ਪਰ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।