ਪੱਤਰ ਪ੍ਰੇਰਕ
ਲੌਂਗੋਵਾਲ, 22 ਮਾਰਚ
ਸਲਾਇਟ ਡੀਂਮਡ ਯੂਨੀਵਰਸਿਟੀ ਲੌਂਗੋਵਾਲ ਵਿਖੇ ਅੱਜ ਸਵੇਰੇ ਅਸਮਾਨੀ ਬਿਜਲੀ ਡਿੱਗਣ ਕਾਰਨ ਹੋਮੀ ਭਾਬਾ ਹੋਸਟਲ ਨੰਬਰ 7 ਦੇ ਨਜ਼ਦੀਕ ਤਿੰਨ ਵੱਡੇ ਦਰਖ਼ਤ ਡਿੱਗ ਨੁਕਸਾਨੇ ਗਏ ਅਤੇ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ ਹਨ। ਜਦਕਿ ਇੱਥੇ ਕੰਮ ਕਰਨ ਵਾਲੇ ਅਮਲੇ ਦਾ ਵਾਲ ਵਾਲ ਬਚਾਅ ਹੋ ਗਿਆ। ਹੋਸਟਲ ਮੁਲਾਜ਼ਮ ਨਿਰਮਲ ਸਿੰਘ ਭੰਮਾਵੱਦੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 9.30 ਵਜੇ ਦੇ ਕਰੀਬ ਅਚਾਨਕ ਵੱਡਾ ਧਮਾਕਾ ਹੋਇਆ ਅਤੇ ਬਾਹਰ ਖੜ੍ਹੇ ਦਰਖਤ ਬੁਰੀ ਪਾਟ ਗਏ। ਇਸ ਧਮਾਕੇ ਨਾਲ ਹੋਸਟਲ ਦੇ ਸ਼ੀਸ਼ੇ ਨੁਕਸਾਨੇ ਗਏ ਅਤੇ ਬਿਜਲੀ ਸਪਲਾਈ ਅਤੇ ਉਪਕਰਣ ਵੀ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਇੱਥੇ ਕੰਮ ਕਰਦੇ ਦੋ ਮੁਲਾਜ਼ਮਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਚੰਗੇ ਭਾਗੀਂ ਜਿੱਥੇ ਬਿਜਲੀ ਡਿੱਗੀ ਹੈ ਉੱਥੇ ਕੁੱਝ ਸਮਾਂ ਪਹਿਲਾਂ ਇੱਕ ਮਾਲੀ ਅਤੇ ਹੋਰ ਮੁਲਾਜ਼ਮ ਮੌਜੂਦ ਸਨ ਜੋ ਕਿ ਕੁੱਝ ਪਲ ਪਹਿਲਾਂ ਹੀ ਅੰਦਰ ਆਏ ਸਨ। ਇਸ ਘਟਨਾ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਸਲਾਇਟ ਅੰਦਰ ਕਾਫੀ ਸਮੇਂ ਤੱਕ ਸਹਿਮ ਦਾ ਮਾਹੌਲ ਬਣਿਆ ਰਿਹਾ।