ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ
ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਜ਼ਿਲ੍ਹਾ ਅਟਾਰਨੀ ਐੱਸ.ਕੇ. ਕੋਛੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਆਪਣੇ ਪੁੱਤਰ ਅਤੇ ਧੀ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੁਪਾਣਾ ਦਾ ਵਸਨੀਕ ਨੱਥੂ ਰਾਮ ਬਿਜਲੀ ਦਾ ਕੰਮ ਕਰਦਾ ਸੀ ਅਤੇ ਉਹ ਆਪਣੇ ਪਿਤਾ, ਪਤਨੀ ਤੇ ਬੱਚਿਆਂ ਨਾਲ ਰਹਿੰਦਾ ਸੀ| ਮਾਨਸਿਕ ਪ੍ਰੇਸ਼ਾਨੀ ਕਰ ਕੇ ਉਸ ਨੇ 20 ਮਾਰਚ 2018 ਨੂੰ ਆਪਣੇ ਪੁੱਤਰ ਸੰਜੂ ਕੁਮਾਰ (10) ਅਤੇ ਧੀ ਪਲਕ (8) ਨੂੰ ਸਕੂਲ ਪੜ੍ਹਣ ਜਾਂਦਿਆਂ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਸੀ| ਇਸ ਬਾਰੇ ਜਾਣਕਾਰੀ ਨੱਥੂ ਰਾਮ ਦੇ ਪਿਤਾ ਟੇਕ ਚੰਦ ਨੇ ਪੁਲੀਸ ਨੂੰ ਦਿੱਤੀ ਸੀ, ਜਿਸ ’ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿੱਚ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ| ਉਪਰੰਤ ਅਦਾਲਤ ਨੇ ਅੱਜ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ|