ਪੱਤਰ ਪ੍ਰੇਰਕ
ਮਾਨਸਾ, 16 ਜੁਲਾਈ
ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਬੀਤੇ ਦਿਨ ਹਰਿਆਣਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਮੁੜ ਅਤਿਵਾਦੀ ਕਰਾਰ ਦੇਣ ਦੀ ਸੀਪੀਆਈ (ਐੱਮਐੱਲ) ਲਬਿਰੇਸ਼ਨ ਨੇ ਨਿਖੇਧੀ ਕੀਤੀ ਹੈ। ਲਬਿਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਦੇ ਵੋਟਰਾਂ ਨੇ ਸ਼ਹੀਦ ਭਗਤ ਸਿੰਘ ਦੀ ਬੇਹੁਰਮਤੀ ਕਰਨ ਲਈ ਨਹੀਂ, ਸਗੋਂ ਪੰਜਾਬ, ਪੰਜਾਬੀਅਤ ਅਤੇ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਅਹਿਮ ਮੁੱਦਿਆਂ ਬਾਰੇ ਆਵਾਜ਼ ਉਠਾਉਣ ਲਈ ਚੁਣਿਆ ਹੈ, ਇਸ ਲਈ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਦੀ ਬਜਾਏ ਸੰਸਦ ਵਿੱਚ ਭਾਜਪਾ ਵੱਲੋਂ ਦੇਸ਼ ਦੇ ਲੋਕਤੰਤਰੀ ਢਾਂਚੇ ਅਤੇ ਜਮਹੂਰੀ ਅਧਿਕਾਰਾਂ ’ਤੇ ਲਗਾਤਾਰ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿਮਰਨਜੀਤ ਸਿੰਘ ਮਾਨ ਵਰਗੇ ਆਗੂ ਬਹੁਤ ਪਹਿਲਾਂ ਤੋਂ ਸ਼ਹੀਦ ਭਗਤ ਸਿੰਘ ਅਜਿਹੇ ਬਿਆਨ ਦਿੰਦੇ ਆਏ ਹਨ ਪਰ ਇਸ ਦੇ ਬਾਵਜੂਦ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਜਾਨਣ ਅਤੇ ਅਧਿਐਨ ਕਰਨ ਦਾ ਰੁਝਾਨ ਘਟਣ ਦੀ ਬਜਾਏ ਉਲਟਾ ਹੋਰ ਵਧਿਆ ਹੈ, ਜਿਸ ਦੇ ਫਲਸਰੂਪ ਸ਼ਹੀਦ ਭਗਤ ਸਿੰਘ ਦਾ ਕੱਦ ਲੋਕਾਂ ਦੀ ਨਜ਼ਰ ਵਿਚ ਪਹਿਲਾਂ ਦੇ ਮੁਕਾਬਲੇ ਹੋਰ ਉੱਚਾ ਹੋਇਆ ਹੈ। ਲਬਿਰੇਸ਼ਨ ਆਗੂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਯਾਦ ਰੱਖਣ ਕਿ ਇਤਿਹਾਸ ਹਰ ਕਿਸੇ ਦੇ ਲਿਖੇ ਅਤੇ ਬੋਲੇ ਸ਼ਬਦਾਂ ਨੂੰ ਆਪਣੇ ਪੱਲੂ ਵਿੱਚ ਸੰਭਾਲ ਰਿਹਾ ਹੈ।