ਪਾਲ ਸਿੰਘ ਨੌਲੀ
ਜਲੰਧਰ, 18 ਮਈ
ਕੋਵਿਡ ਦੀ ਆੜ ਹੇਠ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਥੋਂ ਦੇ ਸ਼ਮਸ਼ੇਰ ਹਸਪਤਾਲ ਵੱਲੋਂ ਕਰੋਨਾ ਦਾ ਟੈਸਟ ਕੀਤੇ ਬਿਨਾਂ ਹੀ ਮਰੀਜ਼ਾਂ ਦਾ ਇਲਾਜ ਕਥਿਤ ਤੌਰ ’ਤੇ ਕਰੋਨਾ ਦੱਸ ਕੇ ਕੀਤਾ ਜਾ ਰਿਹਾ ਸੀ ਤੇ ਉਨ੍ਹਾਂ ਕੋਲੋਂ ਬਿੱਲ ਵਸੂਲੇ ਜਾ ਰਹੇ ਸਨ। ਇਸੇ ਹਸਪਤਾਲ ਵੱਲੋਂ ਲੈਵਲ-ਦੋ ਦੇ ਮਰੀਜ਼ਾਂ ਨੂੰ ਲੈਵਲ-ਤਿੰਨ ਦੇ ਮਰੀਜ਼ ਦੱਸ ਕੇ ਉਨ੍ਹਾਂ ਨੂੰ ਆਕਸੀਜਨ ਲਾ ਕੇ ਇਲਾਜ ਕੀਤਾ ਜਾ ਰਿਹਾ ਹੈ।
ਸ਼ਮਸ਼ੇਰ ਹਸਪਤਾਲ ਦੀ ਇਸ ਕਾਰਵਾਈ ਤੋਂ ਉਦੋਂ ਪਰਦਾ ਚੁੱਕਿਆ ਗਿਆ ਜਦੋਂ ਇੱਕ ਮਰੀਜ਼ ਦੀ ਮੌਤ ਹੋ ਗਈ। ਪੀੜਤ ਧਿਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਕਰ ਦਿੱਤੀ ਗਈ ਤਾਂ ਇਸ ’ਤੇ ਤੁਰੰਤ ਕਾਰਵਾਈ ਕਰਦਿਆ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਹਸਪਤਾਲ ਨੂੰ ਨਵੇਂ ਮਰੀਜ਼ ਦਾਖਲ ਕਰਨ ਤੋਂ ਰੋਕ ਦਿੱਤਾ ਹੈ ਤੇ ਹਸਪਤਾਲ ਵਿੱਚ ਪਾਈਆਂ ਗਈਆਂ ਖਾਮੀਆਂ ਅਤੇ ਵਾਧੂ ਪੈਸੇ ਵਸੂਲਣ ਸਬੰਧੀ ਸਿਹਤ ਅਥਾਰਿਟੀਆਂ ਵੱਲੋਂ ਰਿਪੋਰਟ ਮਿਲਣ ਤੋਂ ਬਾਅਦ ਲੈਵਲ-2 ਕੋਵਿਡ ਕੇਅਰ ਸਹੂਲਤ (ਨਵੇਂ ਮਰੀਜ਼ਾਂ ਦੇ ਦਾਖਲੇ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਵਾਰਡ ਵਿੱਚ ਦਾਖਲ ਮਰੀਜ਼ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਸਬੰਧੀ ਪੜਤਾਲ ਡਿਪਟੀ ਮੈਡੀਕਲ ਕਮਿਸ਼ਨਰ ਜਲੰਧਰ ਨੂੰ ਸੌਂਪੀ ਗਈ ਸੀ ਜਿਨ੍ਹਾਂ ਵੱਲੋਂ ਲੈਵਲ-2 ਸਹੂਲਤ ਵਿੱਚ ਨਵੇਂ ਮਰੀਜ਼ਾਂ ਦੇ ਦਾਖਲੇ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਦੌਰਾਨ ਵੱਧ ਪੈਸੇ ਵਸੂਲਣ, ਦਵਾਈਆਂ ਦੀ ਖ਼ਰੀਦ, ਵੰਡ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਤਿੰਨ ਦਿਨਾਂ ਵਿੱਚ ਜਾਂਚ ਕਰਨ ਲਈ ਚਾਰ ਮੈਂਬਰੀ ਕਮੇਟੀ, ਜਿਸ ਵਿੱਚ ਉਪ ਮੰਡਲ ਮੈਜਿਸਟਰੇਟ-1, ਸਿਵਲ ਸਰਜਨ, ਜ਼ੋਨਲ ਲਾਇਸੈਂਸਿੰਗ ਅਥਾਰਟੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਵਡਾਲਾ ਡਾ.ਅਸ਼ੋਕ ਸ਼ਾਮਿਲ ਹਨ, ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਹਦਾਇਤ ਕੀਤੀ ਕਿ ਸਾਰੇ ਪੱਖਾਂ ਤੋਂ ਜਾਂਚ ਕਰਕੇ ਵਿਸਥਾਰਤ ਰਿਪੋਰਟ ਤਿੰਨ ਦਿਨਾਂ ਵਿੱਚ ਪੇਸ਼ ਕੀਤੀ ਜਾਵੇ।
ਅਤੁੱਲਿਆ ਲੈਬ ਵਿਰੁੱਧ ਕੇਸ ਦਰਜ ਕਰਨ ਦੀ ਸਿਫਾਰਸ਼
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਆਦੇਸ਼ਾਂ ’ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਗਰੀਨ ਪਾਰਕ ਸਥਿਤ ਅਤੁੱਲਿਆ ਲੈਬ ਵੱਲੋਂ ਮਰੀਜ਼ ਕੋਲੋਂ ਕਰੋਨਾ ਟੈਸਟ ਦੇ ਵਾਧੂ ਪੈਸੇ ਵਸੂਲੇ ਜਾਣ ਦੇ ਦੋਸ਼ ਸਾਬਤ ਹੋਣ ’ਤੇ ਲੈਬ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵੱਲੋਂ ਪੁਲੀਸ ਕਮਿਸ਼ਨਰ ਨੂੰ ਲਿਖੇ ਗਏ ਪੱਤਰ ’ਚ ਕਿਹਾ ਗਿਆ ਹੈ ਕਿ ਅਤੁੱਲਿਆ ਲੈਬ ਖ਼ਿਲਾਫ਼ ਵਾਧੂ ਚਾਰਜ ਵਸੂਲੇ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਜਾਂਚ ਰਿਪੋਰਟ ਅਨੁਸਾਰ ਗਰੀਨ ਪਾਰਕ ਵਿਚਲੀ ਅਤੁੱਲਿਆ ਲੈਬ ਵਾਲੇ ਮਰੀਜ਼ ਤੋਂ ਕੋਵਿਡ ਟੈਸਟ ਦੇ 1200 ਰੁਪਏ ਤੇ ਹੋਮ ਕੁਲੈਕਸ਼ਨ ਦੇ 1500 ਰੁਪਏ ਵਸੂਲ ਰਹੇ ਸਨ। ਸਰਕਾਰ ਵੱਲੋਂ ਕਰੋਨਾ ਟੈਸਟ ਦਾ ਰੇਟ 900 ਰੁਪਏ ਤੈਅ ਕੀਤਾ ਗਿਆ ਹੈ।