ਇਕਬਾਲ ਸ਼ਾਂਤ
ਲੰਬੀ, 21 ਜੂਨ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਨੇ 2022 ਲਈ ਨਵੀਂ ਸਫ਼ਬੰਦੀ ਤਹਿਤ ਸਾਂਝੀ ਜ਼ਮੀਨੀ ਜ਼ੋਰ-ਅਜ਼ਮਾਇਸ਼ ਵਿੱਢ ਦਿੱਤੀ ਹੈ। ਅੱਜ ਦੋਵੇਂ ਪਾਰਟੀਆਂ ਦੀ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਦੀ ਮੀਟਿੰਗ ਪਿੰਡ ਬਾਦਲ ਸਥਿਤ ਅਕਾਲੀ ਦਲ ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਵੱਲੋਂ ਦਲਿਤ ਭਾਈਚਾਰੇ ਲਈ ਵਰਤੀ ਮੰਦੀ ਸਬਦਾਵਲੀ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਰੋਜੀ ਬਰਕੰਦੀ, ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਮੰਦਰ ਸਿੰਘ ਸਰਾਏਨਾਗਾ ਸਣੇ ਹੋਰ ਆਗੂ ਸ਼ਾਮਲ ਸਨ। ਮੀਟਿੰਗ ਉਪਰੰਤ ਅਕਾਲੀ ਦਲ ਅਤੇ ਬਸਪਾ ਲੀਡਰਸ਼ਿਪ ਨੇ ਲੰਬੀ ਥਾਣੇ ’ਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਦਲਿਤ ਭਾਈਚਾਰੇ ਬਾਰੇ ਮਾੜੀ ਸ਼ਬਦਾਬਲੀ ਖਿਲਾਫ ਕਾਰਵਾਈ ਲਈ ਮੰਗ ਪੱਧਰ ਦਿੱਤਾ ਗਿਆ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਆਗੂ ਕੇਂਦਰੀ ਮੰਤਰੀ ਹਰਦੀਪ ਪੁਰੀ ਖ਼ਿਲਾਫ਼ ਸਥਾਨਕ ਸਿਟੀ ਪੁਲੀਸ ਨੂੰ ਸ਼ਿਕਾਇਤ ਸੌਂਪ ਕੇ ਦੇਸ਼ ਧਰੋਹ ਤੇ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਬਸਪਾ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਸੁਨੀਤਾ ਰਾਣੀ, ਜ਼ਿਲ੍ਹਾ ਆਗੂ ਜਗਤਾਰ ਸਿੰਘ ਚੜਿੱਕ, ਗੁਰਪ੍ਰੀਤ ਗੋਪੀ ਘੱਲਕਲਾਂ, ਕੁਲਵੰਤ ਰਾਮਗੜ੍ਹੀਆ ਤੇ ਨਾਇਬ ਸਿੰਘ ਗਿੱਲ ਸਣੇ ਹੋਰ ਆਗੂ ਹਾਜ਼ਰ ਸਨ।
ਤਲਵੰਡੀ ਸਾਬੋ (ਜਗਜੀਤ ਸਿੱਧੂ): ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਹੋਏ ਅਕਾਲੀ-ਬਸਪਾ ਗੱਠਜੋੜ ਉਪਰੰਤ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ’ਤੇ ਦਲਿਤਾਂ ਵਿਰੁੱਧ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ਲਾਉਂਦਿਆਂ ਉਕਤ ਆਗੂਆਂ ਖ਼ਿਲਾਫ਼ ਵਿੱਢੇ ਸੰਘਰਸ਼ ਦੀ ਲੜੀ ਤਹਿਤ ਅੱਜ ਬਹੁਜਨ ਸਮਾਜ ਪਾਰਟੀ ਨੇ ਦੋਵਾਂ ਆਗੂਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਐੱਸਐੱਸਪੀ ਬਠਿੰਡਾ ਦੇ ਨਾਂ ਇੱਕ ਮੰਗ ਪੱਤਰ ਡੀਐੱਸਪੀ ਤਲਵੰਡੀ ਸਾਬੋ ਨੂੰ ਸੌਂਪਿਆ ਤੇ ਦੋਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਸਪਾ ਦੇ ਸੀਨੀਅਰ ਆਗੂ ਲਖਵੀਰ ਸਿੰਘ ਨਿੱਕਾ ਨੇ ਕਿਹਾ ਦੋਹਾਂ ਜਣਿਆਂ ਨੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਠੇਸ ਪਹੁੰਚਾਈ ਹੈ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵਲੋਂ ਕੀਤੀਆਂ ਟਿੱਪਣੀਆਂ ਖ਼ਿਲਾਫ਼ ਅੱਜ ਸਥਾਨਕ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸਾਂਝੇ ਤੌਰ ’ਤੇ ਡੀ.ਐੱਸ.ਪੀ. ਜਲਾਲਾਬਾਦ ਗੁਰਮੀਤ ਸਿੰਘ ਪੀ.ਪੀ.ਐੱਸ. ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਬਿੱਟੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਨੇ ਕਿਹਾ ਕਿ ਨਵੇਂ ਗੱਠਜੋੜ ਤੋਂ ਬਾਅਦ ਕਾਂਗਰਸ ਵਿਵਾਦਿਤ ਬਿਆਨ ਦੇਣ ’ਤੇ ਉਤਰ ਆਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।