ਐੱਨ.ਪੀ. ਧਵਨ
ਪਠਾਨਕੋਟ, 12 ਨਵੰਬਰ
ਸੰਸਦ ਮੈਂਬਰ ਸੰਨੀ ਦਿਓਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਵਾਨਾਤਮਕ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਖੇਤੀ ਅੰਦੋਲਨ ਦੇ ਚੱਲਦਿਆਂ ਪੈਦਾ ਹੋਈ ਸਥਿਤੀ ਵੱਲ ਦਿਵਾਇਆ ਹੈ। ਸੰਨੀ ਦਿਓਲ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਵਿੱਚ ਲਗਭਗ 50 ਦਿਨਾਂ ਤੋਂ ਅੰਦੋਲਨ ਚੱਲ ਰਿਹਾ ਹੈ ਅਤੇ ਰੇਲ ਟਰੈਕ ਦੇ ਨਾਲ ਕਈ ਥਾਵਾਂ ’ਤੇ ਸੜਕੀ ਆਵਾਜਾਈ ਵੀ ਰੋਕੀ ਜਾ ਰਹੀ ਹੈ। ਇਸ ਦਾ ਸੂਬੇ ਦੇ ਵਪਾਰ-ਕਾਰੋਬਾਰ, ਕਿਸਾਨਾਂ, ਆਮ ਲੋਕਾਂ ਅਤੇ ਸਰਕਾਰ ਦੀ ਆਮਦਨ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਸੂਬੇ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਚਰਮਰਾ ਗਈ ਹੈ। ਊਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹਿੱਤ ਚਿੰਤਕ ਹਨ। ਹੁਣ ਪੰਜਾਬ ਭਾਜਪਾ ਦੀਆਂ ਕੋਸ਼ਿਸ਼ਾਂ ਨਾਲ ਕੇਂਦਰੀ ਮੰਤਰੀਆਂ ਅਤੇ ਕਿਸਾਨ ਸੰਗਠਨਾਂ ਵਿਚਾਲੇ 13 ਨਵੰਬਰ ਨੂੰ ਦਿੱਲੀ ਵਿੱਚ ਬੈਠਕ ਹੋਣ ਜਾ ਰਹੀ ਹੈ। ਖੇਤੀ ਮੰਤਰਾਲੇ ਵਲੋਂ ਕਿਸਾਨਾਂ ਨੂੰ ਇਸ ਦਾ ਸੱਦਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਸਕਾਰਾਤਮਕ ਹੱਲ ਨਿਕਲੇਗਾ।
ਕਿਸਾਨ ਦੇ ਹੱਕ ਵਿੱਚ ਊੱਠੇ ਢਾਈ ਕਿਲੋ ਦਾ ਹੱਥ: ਰੰਧਾਵਾ
ਚੰਡੀਗੜ੍ਹ (ਟਨਸ): ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਨੀ ਦਿਓਲ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ ’ਤੇ ਪ੍ਰਤੀਕਰਮ ਦਿੰਦਿਆਂ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੂੰ ਫਿਲਮੀ ਜ਼ਿੰਦਗੀ ’ਚੋਂ ਨਿਕਲ ਕੇ ਅਸਲ ਜ਼ਿੰਦਗੀ ਜਿਊਣ ਦੀ ਨਸੀਹਤ ਦਿੱਤੀ। ਰੰਧਾਵਾ ਨੇ ਕਿਹਾ ਕਿ ਸੰਨੀ ਦਿਓਲ ਆਪਣਾ ‘ਢਾਈ ਕਿਲੋ ਦਾ ਹੱਥ’ ਕਿਸਾਨਾਂ ਦੇ ਹੱਕ ਵਿੱਚ ਚੁੱਕਣ। ਊਨ੍ਹਾਂ ਕਿਹਾ ਕਿ ਆਪਣੇ-ਆਪ ਨੂੰ ਖੇਤਾਂ ਦਾ ਪੁੱਤ ਕਹਾਉਣ ਵਾਲੇ ਸੰਨੀ ਦਿਓਲ ਕਿਸਾਨ ਸੰਘਰਸ਼ ਦੇ ਪੰਜ ਮਹੀਨੇ ਬੀਤਣ ਤੋਂ ਬਾਅਦ ਜਾਗੇ ਹਨ ਅਤੇ ਹੁਣ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਬਜਾਏ ਸਿੱਧੇ ਰੂਪ ਵਿੱਚ ਕਿਸਾਨਾਂ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਹਨ।