ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ’ਵਰਸਿਟੀਆਂ ਨੂੰ ਹਦਾਇਤ ਜਾਰੀ ਕਰੇ ਕਿ ਬੋਰਡ ਦੇ ਨਤੀਜਿਆਂ ਦੇ ਜਾਰੀ ਹੋਣ ਦੇ ਆਧਾਰ ’ਤੇ ਦਾਖਲਾ ਸਾਰਣੀ ਦੀ ਅੰਤਿਮ ਮਿਤੀ ਤੈਅ ਕੀਤੀ ਜਾਵੇ। ਇਸ ਤੋਂ ਪਹਿਲਾਂ ਕਈ ਯੂਨੀਵਰਸਿਟੀਆਂ ਨੇ ਦਾਖਲਿਆਂ ਸਬੰਧੀ ਸਾਰਣੀ ਜਾਰੀ ਕਰ ਦਿੱਤੀ ਹੈ ਜਿਸ ਵਿਚ ਵਿਦਿਆਰਥੀਆਂ ਦੇ ਕੋਰਸਾਂ ਵਿਚ ਅਪਲਾਈ ਕਰਨ ’ਤੇ ਕਿੰਤੂ ਕੀਤਾ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸਬੰਧ ਵਿਚ ਯੂਜੀਸੀ ਵਲੋਂ ਯੂਨੀਵਰਸਿਟੀਆਂ ਨੂੰ ਜਲਦੀ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਹ ਜਾਣਕਾਰੀ ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਨੇ ਟਵੀਟ ਕਰ ਕੇ ਦਿੱਤੀ। ਵੱਡੀ ਗਿਣਤੀ ਵਿਦਿਆਰਥੀਆਂ ਨੇ ਟਵਿੱਟਰ ’ਤੇ ਮੁਹਿੰਮ ਚਲਾ ਕੇ ਮੰਗ ਕੀਤੀ ਹੈ ਕਿ ਬੋਰਡ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਜਲਦੀ ਜਾਰੀ ਕਰੇ ਤੇ ਘੱਟੋ ਘੱਟ ਇਹ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਕਿ ਦੋਵਾਂ ਜਮਾਤਾਂ ਦੇ ਨਤੀਜੇ ਕਿਹੜੀ ਤਾਰੀਖ ਨੂੰ ਜਾਰੀ ਹੋ ਰਹੇ ਹਨ। ਵਿਦਿਆਰਥੀਆਂ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਕਈ ਯੂਨੀਵਰਸਿਟੀਆਂ ਨੇ ਦਾਖਲਾ ਸ਼ਡਿਊਲ ਜਾਰੀ ਕਰ ਦਿੱਤੇ ਹਨ, ਜਿਸ ਵਿਚ ਦਾਖਲੇ ਦੀ ਅੰਤਿਮ ਮਿਤੀ ਜੁਲਾਈ ਦੇ ਆਖੀਰ ਵਿਚ ਦਿੱਤੀ ਗਈ ਹੈ। ਵਿਦਿਆਰਥੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇ ਉਨ੍ਹਾਂ ਦਾ ਨਤੀਜਾ 15 ਜੁਲਾਈ ਤਕ ਜਾਰੀ ਨਹੀਂ ਕੀਤਾ ਗਿਆ ਤਾਂ ਉਹ ਦਾਖਲੇ ਤੋਂ ਵਾਂਝੇ ਰਹਿ ਜਾਣਗੇ। ਮੁਹਾਲੀ ਸੀਬੀਐੱਸਈ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੋਰਡ ਨੇ ਯੂਜੀਸੀ ਨੂੰ ਪੱਤਰ ਲਿਖ ਕੇ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।