ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 17 ਜਨਵਰੀ
ਦਿੱਲੀ ਵਿੱਚ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ’ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅੱਜ ਪਿੰਡ ਭੜੌਜੀਆਂ ਤੋਂ ਦਿੱਲੀ ਲਈ ਆਪਣੇ ਹੱਥੀਂ ਕੀਤੇ ਮਿਨੀ ਟਰੈਕਟਰ ਉੱਤੇ ਆਪਣੇ ਸਾਥੀਆਂ ਨਾਲ ਨੌਜਵਾਨ ਜਸਵਿੰਦਰ ਸਿੰਘ ਧੀਮਾਨ ਰਵਾਨਾ ਹੋਇਆ। ਲੋਕ ਗਾਇਕ ਇੰਦਰਜੀਤ ਗੋਰਖਾ ਦੇ ਕਰੀਬ 26 ਸਾਲ ਦੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ ਉਹ ਬਾਰਵੀਂ ਜਮਾਤ ਪਾਸ ਹੈ ਅਤੇ ਪਿਛਲੇ ਲੰਘੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਏ ਕਰੋਨਾ ਕਾਲ ਦੌਰਾਨ ਮਾਰੂਤੀ ਕਾਰ ਦਾ ਇੰਜਣ ਖਰੀਦਣ ਮਗਰੋਂ ਕੁਝ ਹੋਰ ਸਪੇਅਰ ਪਾਰਟ ਲੋਕਾਂ ਕੋਲੋਂ ਲੈ ਕੇ ਆਪਣੇ ਹੱਥੀਂ ਮਿਨੀ ਟਰੈਕਟਰ ਨੂੰ ਸ਼ੌਕੀਆ ਤੌਰ ਉੱਤੇ ਬਣਾਇਆ ਹੈ। ਟਰੈਕਟਰ ਦਾ ਨਾਮ ਰਾਮਗੜੀਆ ਐੱਚਐੱਮਟੀ ਰੱਖਿਆ ਗਿਆ। ਜਸਵਿੰਦਰ ਸਿੰਘ ਧੀਮਾਨ ਅਨੁਸਾਰ ਇਸ ਟਰੈਕਟਰ ਨੂੰ ਤਿਆਰ ਕਰਨ ਲਈ ਪੌਣੇ ਦੋ ਲੱਖ ਰੁਪਏ ਦੀ ਲਾਗਤ ਆਈ ਹੈ। ਉਸ ਨੇ ਕਿਹਾ ਕਿ ਉਹ ਇਸ ਮਿਨੀ ਟਰੈਕਟਰ ’ਤੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ।