ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਜਨਵਰੀ
ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 26 ਨਵੰਬਰ ਤੋਂ ਦਿੱਲੀ ’ਚ ਚੱਲ ਰਹੇ ਸੰਘਰਸ਼ ’ਚ ਲਗਾਤਾਰ ਸ਼ਾਮਲ ਹੋਏ ਧਰਨਾਕਾਰੀਆਂ ਨੂੰ ਠੰਢ ਤੋਂ ਬਚਾਉਣ ਲਈ ਪੰਜੀਰੀ ਬਣਾਕੇ ਦਿੱਲੀ ਭੇਜੀ ਜਾ ਰਹੀ ਹੈ। ਨੇੜਲੇ ਪਿੰਡ ਸੰਗਤਪੁਰਾ ’ਚ ਨੰਬਰਦਾਰ ਸੁਰਿੰਦਰ ਪਾਲ ਸਿੰਘ ਦੀ ਅਗਵਾਈ ’ਚ ਪਿੰਡਵਾਸੀਆਂ ਨੇ ਭਾਰੀ ਮਾਤਰਾ ’ਚ ਡਰਾਈ ਫਰੂਟ, ਦੇਸ਼ੀ ਘੀ ਅਤੇ ਖੋਏ ਨਾਲ 36 ਮਣ ਪੰਜੀਰੀ ਤਿਆਰ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਪਿੰਡ ਤੋਂ ਇੱਕ ਬੱਸ ਭਰਕੇ ਦਿੱਲੀ ਦੇ ਟਿਕਰੀ ਬਾਰਡਰ ’ਤੇ ਭੇਜੀ ਜਾ ਰਹੀ ਹੈੈ। ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ ਦੱਸਿਆ ਕਿ ਧਰਨੇ ਲਈ ਪਿੰਡਾਂ ਵਿੱਚੋਂ ਪੰਜੀਰੀ, ਖੋਆ, ਗਰਮ ਜ਼ੁਰਾਬਾਂ, ਕੰਬਲ, ਲੱਕੜਾਂ, ਗੱਦੇ ਭੇਜੀਆਂ ਜਾ ਰਹੀਆਂ ਹਨ।