ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਅਕਤੂਬਰ
ਇਥੇ ਕੇਂਦਰੀ ਖੇਤੀ ਵਿਰੋਧੀ ਕਾਨੂੰਨ ਖ਼ਿਲਾਫ਼ ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਲਹਿਲ ਖੁਰਦ ਦੇ ਰਿਲਾਇੰਸ ਪੰਪ ਨੂੰ ਸੋਲ੍ਹਵੇਂ ਦਿਨ ਵੀ ਘੇਰਾ ਪਾਈ ਰੱਖਿਆ ਹੈ। ਕਿਸਾਨਾਂ ਅਤੇ ਔਰਤਾਂ ਤੇ ਨੌਜਵਾਨਾਂ ਵੱਲੋਂ ਕੇਂਦਰ ਖਿਲਾਫ਼ ਮਘਾਇਆ ਆਖਾੜਾ ਸਿਖ਼ਰ ਨੂੰ ਛੂਹਣ ਲੱਗਾ ਹੈ। ਔਰਤਾਂ ਧਰਨੇ ’ਚ ਸ਼ਮੂਲੀਅਤ ਸਮੇਂ ਧਰਨਾਕਾਰੀਆਂ ਲਈ ਖਾਣਾ ਵੀ ਘਰੋਂ ਖੁਦ ਬਣਾਕੇ ਲਿਆ ਰਹੀਆਂ ਹਨ। ਧਰਨੇ ਦੀ ਸ਼ੁਰੂਆਤ ਉੱਘੇ ਲੋਕ ਪੱਖੀ ਨਾਟਕਕਾਰ ਹੰਸਾ ਸਿੰਘ ਦੇ ਸਦੀਵੀ ਸਬੰਧੀ ਸ਼ੋਕ ਮਤਾ ਪਾਸ ਕਰਕੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅੱਜ ਅਣਮਿਥੇ ਸਮੇਂ ਦੇ ਧਰਨੇ ਨੂੰ ਆਗੂ ਦਰਸ਼ਨ ਸਿੰਘ, ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ, ਸੀਨੀਅਰ ਆਗੂ ਲੀਲਾ ਸਿੰਘ ਚੋਟੀਆਂ, ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਰਾਮ ਸਿੰਘ ਨੰਗਲਾ ਅਤੇ ਮਾਸਟਰ ਗੁਰਚਰਨ ਸਿੰਘ ਨੇ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਹਰਜੀਤ ਸਿੰਘ ਭੁਟਾਲ,ਬਿੰਦਰ ਸਿੰਘ ਖੋਖਰ, ਦਰਸ਼ਨ ਸਿੰਘ ਕੋਟੜਾ ਅਤੇ ਨਵੇਂ ਨੌਜਵਾਨ ਮੁੰਡੇ-ਕੁੜੀਆਂ ਨੇ ਸੰਬੋਧਨ ਕੀਤਾ।