ਅਜੈ ਮਲਹੋਤਰਾ
ਬਸੀ ਪਠਾਣਾਂ, 29 ਜਨਵਰੀ
ਸੰਯੁਕਤ ਸਮਾਜ ਮੋਰਚੇ ਦੇ ਆਗੂ ਡਾ. ਸਵੈਮਾਨ ਸਿੰਘ ਨੇ ਅੱਜ ਬਸੀ ਪਠਾਣਾਂ ਤੋਂ ਉਮੀਦਵਾਰ ਡਾ. ਅਮਨਦੀਪ ਕੌਰ ਢੋਲੇਵਾਲ ਦੇ ਚੋਣ ਦਫ਼ਤਰ ਵਿੱਚ ਵਰਕਰਾਂ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਨ ’ਤੇ ਪਹਿਲੇ ਦਿਨ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ, ਫਿਰ ਉਹ ਪੰਜਾਬ ਵਿੱਚ ਕਿਸ ਮੂੰਹ ਨਾਲ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕੇਜਰੀਵਾਲ ਵੱਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਧਾਰੀ ਚੁੱਪ ’ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਰਿਆਣਾ ਵਿੱਚ ਉਥੋਂ ਦੀ ਵਕਾਲਤ ਕਰਦੇ ਹਨ ਅਤੇ ਪੰਜਾਬ ਵਿੱਚ ਆ ਕੇ ਪੰਜਾਬ ਦੇ ਹੱਕਾਂ ਦੀ ਝੂਠੀ ਦੁਹਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੜ੍ਹੇ-ਲਿਖੇ ਸੂਝਵਾਨ ਮੁੱਖ ਮੰਤਰੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣਗੇ। ਪੰਜਾਬ ਵਿੱਚ ਸਨਅਤ ਬਚਾਉਣ ਲਈ ਨਵੀਂ ਸਨਅਤ ਨੀਤੀ ਲਿਆਂਦੀ ਜਾਵੇਗੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿੱਖਿਆ ਦੇ ਖੇਤਰ ਵਿੱਚ ਵੀ ਬਦਲਾਅ ਲਿਆ ਕੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਸਬੰਧਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਕਿਸਾਨ ਮੋਰਚੇ ਨਾਲ ਮਤਭੇਦਾਂ ਨੂੰ ਨਕਾਰਦਿਆਂ ਡਾ. ਸਵੈਮਾਨ ਸਿੰਘ ਨੇ ਕਿਹਾ, ‘‘ਉਹ ਸਾਡੇ ਹੀ ਭਰਾ ਹਨ ਅਤੇ ਅਸੀਂ ਇੱਕਠੇ ਹੀ ਕਿਸਾਨੀ ਸੰਘਰਸ਼ ਲੜਿਆ ਅਤੇ ਜਿੱਤਿਆ ਹੈ।’’ ਉਨ੍ਹਾਂ ਖੁਸ਼ਹਾਲ ਅਤੇ ਨਰੋਏ ਪੰਜਾਬ ਦੀ ਸਥਾਪਨਾ ਲਈ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਖਮਾਣੋਂ (ਜਗਜੀਤ ਕੁਮਾਰ): ਇਸੇ ਤਰ੍ਹਾਂ ਡਾ. ਸਵੈਮਾਨ ਸਿੰਘ ਨੇ ਖਮਾਣੋਂ ਵਿੱਚ ਵੀ ਅਮਨਦੀਪ ਕੌਰ ਢੋਲੇਵਾਲ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਮੌਕੇ ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਪੰਜਾਬ ’ਚੋਂ ਰਾਜਸੀ ਗੰਦਗੀ ਸਾਫ ਕਰਨ ਲਈ ਸੰਯੁਕਤ ਸਮਾਜ ਮੋਰਚਾ ਪੰਜਾਬ ਵਿੱਚ ਚੋਣਾਂ ਲੜ ਰਿਹਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣ।
ਸ਼ੁਤਰਾਣਾ ਤੋਂ ਉਮੀਦਵਾਰ ਅਮਰਜੀਤ ਸਿੰਘ ਘੱਗਾ ਦੇ ਦਫ਼ਤਰ ਦਾ ਉਦਘਾਟਨ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਸੰਯੁਕਤ ਸਮਾਜ ਮੋਰਚਾ ਦੇ ਆਗੂ ਡਾ. ਸਵੈਮਾਨ ਸਿੰਘ ਨੇ ਅੱਜ ਹਲਕਾ ਸ਼ੁਤਰਾਣਾ ਤੋਂ ਪਾਰਟੀ ਉਮੀਦਵਾਰ ਅਮਰਜੀਤ ਸਿੰਘ ਘੱਗਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸੇਵਾਮੁਕਤ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਰਣ ਸਿੰਘ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਲੋਕ ਨਾ ਸਿਰਫ਼ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਸਗੋਂ ਬੇਰੁਜ਼ਗਾਰੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਰਹੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆਪਣਾ ਪੰਜਾਬ ਪੱਖੀ ਸਟੈਂਡ ਸਪੱਸ਼ਟ ਕਰਨ ਲਈ ਕਿਹਾ।