ਪਾਲ ਸਿੰਘ ਨੌਲੀ
ਜਲੰਧਰ, 25 ਅਗਸਤ
ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਆੜ ਹੇਠ ਸਿਆਸੀ, ਸਮਾਜਿਕ ਅਤੇ ਹੋਰ ਸਰਗਰਮੀਆਂ ’ਤੇ ਦਫਾ 144 ਲਾ ਕੇ ਪਾਬੰਦੀਆਂ ਮੜ੍ਹਨ ਖ਼ਿਲਾਫ਼ ਅੱਜ ਅੱਠ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ’ਤੇ ਆਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਦੀ ਅਗਵਾਈ ਕਾਮਰੇਡ ਕੁਲਵਿੰਦਰ ਸਿੰਘ ਵੜੈਚ, ਦਰਸ਼ਨ ਨਾਹਰ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਜੈਪਾਲ ਨੇ ਕੀਤੀ। ਇਸ ਮੌਕੇ ਫਰੰਟ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਮੌਕੇ 28 ਅਗਸਤ ਨੂੰ ਚੰਡੀਗੜ੍ਹ ਵਿੱਚ ਵੀ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ। ਅੱਜ ਦੇ ਇਕੱਠ ਦੌਰਾਨ ਕਾਰਕੁਨਾਂ ਨੇ ਸੁਪਰੀਮ ਕੋਰਟ ਵੱਲੋਂ ਵਕੀਲ ਪ੍ਰਸ਼ਾਂਤ ਖ਼ਿਲਾਫ਼ ਲਿਆ ਗਿਆ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ।
ਰੋਸ ਮੁਜ਼ਾਹਰੇ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੇ ਗਏ ਇਸ ਦੋਆਬਾ ਜ਼ੋਨ ਪੱਧਰੀ ਇਕੱਠ ਦੌਰਾਨ ਫਰੰਟ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਬੰਤ ਸਿੰਘ ਬਰਾੜ, ਆਰਐੱਮਪੀਆਈ ਦੇ ਮੰਗਤ ਰਾਮ ਪਾਸਲਾ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ, ਸੀਪੀਆਈ(ਐੱਮਐੱਲ) ਲਬਿਰੇਸ਼ਨ ਦੇ ਗੁਰਮੀਤ ਬਖਤਪੁਰ, ਇਨਕਲਾਬੀ ਕੇਂਦਰ ਪੰਜਾਬ ਦੇ ਨਰਭਿੰਦਰ ਅਤੇ ਲੋਕ ਸੰਗਰਾਮ ਮੋਰਚਾ ਦੇ ਰਾਜੇਸ਼ ਮਲਹੋਤਰਾ ਨੇ ਕਿਹਾ ਕਿ ਧਾਰਾ 144 ਰਾਹੀਂ ਸਿਆਸੀ ਸਰਗਰਮੀਆਂ ਨੂੰ ਰੋਕਣਾ ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਕਰੋਨਾ ਦੀ ਆੜ ਵਿੱਚ ਸਿਆਸੀ ਸਰਗਰਮੀਆਂ ’ਤੇ ਰੋਕ ਲਾਉਣ ਲਈ ਲਾਈ ਦਫਾ 144 ਵਾਪਸ ਲਈ ਜਾਵੇ, ਤਾਲਾਬੰਦੀ ਦੌਰਾਨ ਰੈਲੀਆਂ-ਮੁਜ਼ਾਹਿਰਆਂ ਸਮੇਂ ਜਨਤਕ ਅਤੇ ਸਿਆਸੀ ਆਗੂਆਂ ’ਤੇ ਬਣਾਏ ਗਏ ਕੇਸ ਵਾਪਸ ਲਏ ਜਾਣ ਅਤੇ ਅੱਗੇ ਤੋਂ ਕੇਸ ਬਣਾਉਣੇ ਬੰਦ ਕੀਤੇ ਜਾਣ। ਪੁਲੀਸ ਜਨਤਾ ਤੋਂ ਧੜਾਧੜ ਜੁਰਮਾਨੇ ਉਗਰਾਹਣੇ ਬੰਦ ਕਰੇ। ਤਾਲਾਬੰਦੀ ਕਾਰਨ ਬੇਰੁਜ਼ਗਾਰ ਹੋਈ ਗਰੀਬ ਜਨਤਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇ, ਕੇਂਦਰ ਦੇ ਕਿਸਾਨ ਮਾਰੂ ਆਰਡੀਨੈਂਸਾਂ ਅਤੇ ਬਿਜਲੀ ਬਿੱਲ ਨੂੰ ਰੋਕਣ ਲਈ ਪੰਜਾਬ ਅਸੈਂਬਲੀ ਵਿੱਚ ਮਤਾ ਲਿਆਂਦਾ ਜਾਵੇ।