ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਅੰਦਰੂਨੀ ਲੋਕਤੰਤਰ ਦੀ ਘਾਟ ਸਬੰਧੀ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਹਰ ਕੋਈ ਆਪਣੇ ਸ਼ਿਕਵੇ ਪਾਰਟੀ ਪ੍ਰਧਾਨ ਜਾਂ ਵਰਕਿੰਗ ਕਮੇਟੀ ਕੋਲ ਉਠਾਉਣ ਲਈ ਸੁਤੰਤਰ ਹੈ ਪਰ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਮੰਚਾਂ ਉੱਤੇ ਨਹੀਂ ਉਠਾਇਆ ਜਾ ਸਕਦਾ। ਜਨਤਕ ਅਸਹਿਮਤੀ ਦੀਆਂ ਰਿਪੋਰਟਾਂ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਜੇ ਤੁਸੀਂ ਕਾਂਗਰਸੀ ਹੋ ਤਾਂ ਤੁਸੀਂ ਪਾਰਟੀ ਦੇ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਲਈ ਪਾਰਟੀ ਪ੍ਰਧਾਨ ਜਾਂ ਕਾਂਗਰਸ ਵਰਕਿੰਗ ਕਮੇਟੀ ਕੋਲ ਜਾ ਸਕਦੇ ਹੋ ਪਰ ਤੁਹਾਨੂੰ ਆਪਣੇ ਸ਼ਿਕਵੇ ਖੁੱਲ੍ਹੇਆਮ ਜ਼ਾਹਿਰ ਨਹੀਂ ਕਰਨੇ ਚਾਹੀਦੇ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ।’’ ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਉਦੋਂ ਤੱਕ ਪਾਰਟੀ ਪ੍ਰਧਾਨ ਬਣੇ ਰਹਿ ਸਕਦੇ ਹਨ, ਉਨ੍ਹਾਂ ਤੋਂ ਬਾਅਦ ਹੀ ਨਵਾਂ ਆਗੂ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਤਬਦੀਲੀ ਦੀ ਕੋਈ ਲੋੜ ਨਹੀਂ। ਬਿਹਾਰ ਚੋਣ ਨਤੀਜਿਆਂ ਬਾਰੇ ਡੂੰਘਾਈ ਨਾਲ ਪੜਚੋਲ ਕਰਨ ਦੀ ਲੋੜ ਨਹੀਂ ਹੈ।
ਨਵਜੋਤ ਸਿੱਧੂ ਨਾਲ ਹੋਰ ਮੁਲਾਕਾਤਾਂ ਦੀ ਆਸ ਪ੍ਰਗਟਾਈ
ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਕਿ ਉਹ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕੱਲ੍ਹ ਹੋਈ ਮੀਟਿੰਗ ਵਾਂਗ ਹੀ ਸਨੇਹਪੂਰਨ ਮੀਟਿੰਗਾਂ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਹੋਰਨਾਂ ਗੱਲਾਂ ਤੋਂ ਇਲਾਵਾ ਕ੍ਰਿਕਟ ਬਾਰੇ ਵੀ ਕਈ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦੁਪਹਿਰ ਦੇ ਖਾਣੇ ਦੌਰਾਨ ਇਕ ਘੰਟਾ ਹੋਈ ਮੀਟਿੰਗ ਵਿੱਚ ਦੋਵੇਂ ਖੁਸ਼-ਮਿਜ਼ਾਜ ਸਨ। ਮੁੱਖ ਮੰਤਰੀ ਨੇ ਕਿਹਾ, ‘‘ਮੈਂ ਮੁਲਾਕਾਤ ਤੋਂ ਸੰਤੁਸ਼ਟ ਤੇ ਖੁਸ਼ ਸੀ ਅਤੇ ਇਸੇ ਤਰ੍ਹਾਂ ਸਿੱਧੂ ਸੀ।’’ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦੁਪਹਿਰ ਦੇ ਖਾਣੇ ’ਚ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਬਕਾ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਜਦੋਂਕਿ ਉਨ੍ਹਾਂ ਨੇ ਖੁਦ ਦਹੀ ਨਾਲ ਮਿੱਸੀ ਰੋਟੀ ਖਾਧੀ। ਉਨ੍ਹਾਂ ਟਿੱਪਣੀ ਕੀਤੀ, ‘‘ਕੀ ਇਹ ਅਕਾਲੀਆਂ ਨੂੰ ਦਾਅਵਤ ਵਰਗਾ ਲੱਗਦੈ?’’