ਚਰਨਜੀਤ ਭੁੱਲਰ
ਚੰਡੀਗੜ੍ਹ, 9 ਅਗਸਤ
ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਤਾਇਨਾਤ ਵਡੇਰੀ ਉਮਰ ਦੇ ਦੋ ਵੀਆਈਪੀਜ਼ ਅਫ਼ਸਰਾਂ ਦੀ ਛੁੱਟੀ ਕਰ ਦਿੱਤੀ ਹੈ। ਕਾਂਗਰਸੀ ਹਕੂਮਤ ਸਮੇਂ ਇਨ੍ਹਾਂ ਦੋਵੇਂ ਅਫ਼ਸਰਾਂ ਨੂੰ ਸੇਵਾਮੁਕਤ ਹੋਣ ਮਗਰੋਂ ਪੰਚਾਇਤੀ ਵਿਭਾਗ ਦੇ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਹੇਠ ਤਾਇਨਾਤ ਕੀਤਾ ਗਿਆ ਸੀ। ਇਹ ਆਪਣੀ ਉਮਰ ਹੱਦ ਵੀ ਲੰਘਾ ਚੁੱਕੇ ਸਨ। ਹੁਣ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਨੇ ਵਿਭਾਗ ਵਿਚ ਕੰਮ ਕਰਦੇ 58 ਸਾਲ ਤੋਂ ਉਪਰ ਦੇ ਮੁਲਾਜ਼ਮਾਂ ਅਤੇ ਅਫਸਰਾਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਵਿਚ ਬਤੌਰ ਵਧੀਕ ਮੁੱਖ ਕਾਰਜਕਾਰੀ ਅਫਸਰ ਵਜੋਂ ਤਾਇਨਾਤ ਜਸਪਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਜਸਪਾਲ ਸਿੰਘ ਸਾਬਕਾ ਪੀਸੀਐੱਸ ਅਧਿਕਾਰੀ ਹਨ ਜਿਨ੍ਹਾਂ ਦੀ ਉਮਰ ਇਸ ਵੇਲੇ ਕਰੀਬ 65 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਪ੍ਰਤੀ ਮਹੀਨਾ 1.20 ਲੱਖ ਰੁਪਏ ਤਨਖਾਹ ਦਿੱਤੀ ਜਾ ਰਹੀ ਸੀ। ਕਾਂਗਰਸ ਸਰਕਾਰ ਸਮੇਂ ਜਸਪਾਲ ਸਿੰਘ ਨੂੰ 2018 ਵਿੱਚ ਇਸ ਮਿਸ਼ਨ ਵਿਚ ਭਰਤੀ ਕੀਤਾ ਗਿਆ ਸੀ। ਜਦੋਂ ‘ਆਪ’ ਸਰਕਾਰ ਬਣੀ ਤਾਂ ਉਦੋਂ ਤੋਂ ਮਹਿਕਮੇ ਵਿਚ ਵਡੇਰੀ ਉਮਰ ਦੇ ਸੇਵਾਮੁਕਤ ਅਫ਼ਸਰਾਂ ਦੀ ਤਾਇਨਾਤੀ ਖ਼ਿਲਾਫ ਸ਼ਿਕਾਇਤਾਂ ਪੁੱਜਣ ਲੱਗੀਆਂ ਸਨ। ਇਸੇ ਤਰ੍ਹਾਂ ਮਹਿਕਮੇ ਤਰਫੋਂ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਵਿਚ ਬਤੌਰ ਨੋਡਲ ਅਫਸਰ ਵਜੋਂ ਤਾਇਨਾਤ ਅਰਵਿੰਦਰਪਾਲ ਸਿੰਘ ਨਾਗਰਾ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ ਹਨ ਜੋ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਨੇੜਲੇ ਰਿਸ਼ਤੇਦਾਰ ਹਨ।
ਅਰਵਿੰਦਰਪਾਲ ਸਿੰਘ ਨਾਗਰਾ ਨੂੰ 2017 ਵਿਚ ਇਸ ਮਿਸ਼ਨ ਵਿਚ ਤਾਇਨਾਤ ਕੀਤਾ ਗਿਆ ਸੀ। ਸ੍ਰੀ ਨਾਗਰਾ ਨੂੰ ਮਹਿਕਮੇ ਤਰਫੋਂ ਇਸ ਮਿਸ਼ਨ ਹੇਠ ਪ੍ਰਤੀ ਮਹੀਨਾ 74 ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਸੀ। ਸੂਤਰ ਆਖਦੇ ਹਨ ਕਿ ਦੋਵੇਂ ਅਫਸਰਾਂ ਦੀਆਂ ਸੇਵਾਵਾਂ ਖਤਮ ਕੀਤੇ ਜਾਣ ਨਾਲ ਸਾਲਾਨਾ 23.28 ਲੱਖ ਰੁਪਏ ਦੀ ਬੱਚਤ ਹੋਵੇਗੀ ਤੇ ਨੌਜਵਾਨਾਂ ਨੂੰ ਮੌਕਾ ਮਿਲੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਕੁਝ ਅਰਸਾ ਪਹਿਲਾਂ 58 ਸਾਲ ਤੋਂ ਉਪਰ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਮੁੜ ਤਾਇਨਾਤੀ ’ਤੇ ਸੁਆਲ ਚੁੱਕੇ ਸਨ। ਹੁਣ ਵੀ ਕਈ ਸਰਕਾਰੀ ਵਿਭਾਗਾਂ ਵਿਚ ਸਰਕਾਰੀ ਸੇਵਾਮੁਕਤੀ ਮਗਰੋਂ ਮੁੜ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।
ਸ਼ਨਾਖਤ ਦਾ ਕੰਮ ਜਾਰੀ ਹੈ: ਧਾਲੀਵਾਲ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਮਹਿਕਮੇ ਵਿਚ ਜਿੰਨੇ ਵੀ ਮੁਲਾਜ਼ਮ ਅਤੇ ਅਫਸਰ 58 ਸਾਲ ਤੋਂ ਉਪਰ ਦੇ ਕੰਮ ਕਰ ਰਹੇ ਹਨ, ਉਨ੍ਹਾਂ ਦੀ ਰਿਪੋਰਟ ਮੰਗੀ ਗਈ ਹੈ। ਇਸ ਸਬੰਧੀ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋ ਅਧਿਕਾਰੀਆਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ।