ਨੰਗਲ, 31 ਜੁਲਾਈ
‘ਲੀਜ਼ ਮਸਲਾ ਇਲਾਕੇ ਦੇ ਲੋਕਾਂ ਦੇ ਸਿਰ ’ਤੇ ਤਲਵਾਰ ਵਾਂਗ ਲਟਕ ਰਿਹਾ ਹੈ ਜਿਸ ਕਾਰਨ ਲਗਭਗ 800 ਪਰਿਵਾਰ ਮਾਨਸਿਕ ਸੰਤਾਪ ਹੰਢਾਅ ਰਹੇ ਹਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰ ਰਹੇ ਡਾ. ਸੰਜੀਵ ਗੌਤਮ, ਟਰੇਡ ਵਿੰਗ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸੰਜੀਵ ਰਾਣਾ, ਨੰਗਲ ਮੰਡਲ ‘ਆਪ’ ਪ੍ਰਧਾਨ ਰਾਮ ਕੁਮਾਰ ਸ਼ਰਮਾ ਤੇ ਬਾਬੂ ਚਮਨ ਲਾਲ ਨੇ ਮੀਡੀਆ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਡਾ. ਗੌਤਮ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਪੀਕਰ ਰਾਣਾ ਕੇਪੀ ਸਿੰਘ ਤੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਇਸ ਮਸਲੇ ਨੂੰ ਹੱਲ ਨਾ ਕਰਵਾ ਸਕੇ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਇਹ ਦੋਸ਼ ਲਗਾ ਕੇ ਵੱਡੀ ਗਿਣਤੀ ’ਚ ਲੀਜ਼ ਸਮਝੌਤੇ ਰੱਦ ਕਰ ਦਿੱਤੇ ਕਿ ਸਬੰਧਤ ਦੁਕਾਨਦਾਰ, ਮਕਾਨ ਮਾਲਕ ਨੇ ਇਮਾਰਤ ਨਾਲ ਛੇੜਛਾੜ ਕੀਤੀ ਹੈ ਕਿ ਜਦੋਂਕਿ ਇਮਾਰਤ ਦਾ ਰੰਗ ਰੂਪ ਬਦਲਣਾ ਸਮੇਂ ਅਨੁਸਾਰ ਜ਼ਰੂਰਤ ਬਣ ਜਾਂਦਾ ਹੈ। ਇਸ ਮੌਕੇ ਜਵਾਹਰ ਮਾਰਕੀਟ ਵਿੱਚ ਲਾਲ ਡੋਰੇ ਵਾਲੇ ਪਲਾਟਾਂ ਦਾ ਮਸਲਾ ਵੀ ਚੁੱਕਿਆ ਗਿਆ ਜਿਨ੍ਹਾਂ ਵਿੱਚ ਮੁੜ ਨਿਰਮਾਣ ਸਮੇਂ ਲੋਕਾਂ ਨੂੰ ਵੱਡੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਆਪ’ ਆਗੂਆਂ ਨੇ ਨੰਗਲ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਤੋਂ ਮੰਗ ਕੀਤੀ ਕਿ ਕੌਂਸਲ ਦੀ ਮੀਟਿੰਗ ਸਮੇਂ ਪ੍ਰੈੱਸ ਦੀ ਮੌਜੂਦਗੀ ਬਹਾਲ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਸਰਕਾਰ ਆਉਣ ’ਤੇ ਲੀਜ਼ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ‘ਆਪ’ ਆਗੂ ਮਨਜੋਤ ਸਿੰਘ ਅਤੇ ਨਵਜੋਤ ਕੌਰ ਹਾਜ਼ਰ ਸਨ।
ਬੀਬੀਐੱਮਬੀ ਦੇ ਡਿਪਟੀ ਚੀਫ਼ ਇੰਜ. ਹੁਸਨ ਲਾਲ ਕੰਬੋਜ ਨੇ ਦੱਸਿਆ ਕਿ ਲੀਜ਼ ਬਾਰੇ ਕੋਈ ਅਹਿਮ ਫੈਸਲਾ ਨੰਗਲ ਦੇ ਅਧਿਕਾਰੀ ਵੱਲੋਂ ਨਹੀਂ ਬਲਕਿ ਚੇਅਰਮੈਨ ਦਫ਼ਤਰ ਚੰਡੀਗੜ੍ਹ ਵੱਲੋਂ ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਤਿੰਨ ਤਰ੍ਹਾਂ ਦੇ ਲੀਜ਼ਧਾਰਕ ਹਨ ਜਿਨ੍ਹਾਂ ਵਿੱਚੋਂ ਦੋ ਤਰ੍ਹਾਂ ਦੇ ਲੋਕਾਂ ਦੇ ਮੁਕੱਦਮੇ ਸਟੇਟ ਦਫ਼ਤਰ ਨੰਗਲ ਅਤੇ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ ਅਤੇ ਤੀਜ਼ੇ ਆਮ ਲੀਜ਼ਧਾਰਕ ਹਨ ਜੋ ਕਾਨੂੰਨ ਅਨੁਸਾਰ ਲੀਜ਼ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ।