ਕੁਲਦੀਪ ਸਿੰਘ
ਚੰਡੀਗੜ੍ਹ, 23 ਅਗਸਤ
ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਵਫ਼ਦ ਅਧਿਆਪਕ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਦੀ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲਿਆ। ਜਥੇਬੰਦੀ ਨੇ ਅਧਿਆਪਕਾਂ ਉੱਪਰ ਦਰਜ ਝੂਠੇ ਕੇਸ ਅਤੇ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ ਦੀ ਮੰਗ ਰੱਖੀ ਜਿਸ ’ਤੇ ਸਿੱਖਿਆ ਮੰਤਰੀ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਬਦਲੀਆਂ ਸਬੰਧੀ ਨਵੀਂ ਯੋਜਨਾ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕੈਬਨਿਟ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਅਧਿਆਪਕ ਆਗੂਆਂ ਨੇ ਸਾਲ 2018 ਤੋਂ ਬਾਅਦ ਪਦਉੱਨਤ ਹੋਣ ਵਾਲੇ ਸਾਰੇ ਅਧਿਆਪਕਾਂ ’ਤੇ ਵਿਸ਼ੇ ਦਾ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਕੀਤੀ ਸ਼ਰਤ ਹਟਾਉਣ ਦੀ ਮੰਗ ਕੀਤੀ।ਉਨ੍ਹਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਕਿਹਾ। ਉਨ੍ਹਾਂ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਮਰਜ ਕਰਨ ਦੀ ਮੰਗ ਵੀ ਰੱਖੀ।
ਅਧਿਆਪਕਾਂ ਵੱਲੋਂ 25 ਸਤੰਬਰ ਨੂੰ ‘ਇਨਸਾਫ ਰੈਲੀ’ ਦਾ ਐਲਾਨ
ਪਟਿਆਲਾ (ਖੇਤਰੀ ਪ੍ਰਤੀਨਿਧ): ਅਧਿਕਾਪਕਾਂ ਦੇ ਮਸਲੇ ਹੱਲ ਕਰਵਾਉਣ ਲਈ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ, ਓਡੀਐੱਲ (3442, 7654) ਅਧਿਆਪਕ ਯੂਨੀਅਨ ਅਤੇ 6505 ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਦੇ ਆਗੂਆਂ ਦੀ ਮੀਟਿੰਗ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈਟੀਟੀ ਦੇ ਸੂਬਾ ਆਗੂ ਕਮਲ ਠਾਕੁਰ ਅਤੇ ਓਡੀਐੱਲ ਦੇ ਸੂਬਾ ਆਗੂ ਬਲਜਿੰਦਰ ਗਰੇਵਾਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿੱਚ ਇਨਸਾਫ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।