ਦਵਿੰਦਰ ਪਾਲ
ਚੰਡੀਗੜ੍ਹ, 11 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜੋੜ-ਤੋੜ ਕੀਤੀ ਜਾ ਰਹੀ ਹੈ। ਇਸੇ ਤਰਜ਼ ’ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦਾ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਵਾਗਤ ਕੀਤਾ ਹੈ। ਇਸ ਦੌਰਾਨ ਭਾਜਪਾ ਦੇ ਸਾਰੇ ਮੈਂਬਰਾਂ ਨੇ ਇੱਕਜੁੱਟ ਹੋ ਕੇ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਦੇ ਨਾਅਰੇ ਨਾਲ ਭਾਜਪਾ ਦੀ ਸਰਕਾਰ ਬਣਾਉਣ ਦੀ ਸਹੁੰ ਚੁੱਕੀ।
ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮੁੱਖ ਮੰਤਰੀ ਦੇ ਸਾਬਕਾ ਓਐੱਸਡੀ ਲਖਵਿੰਦਰ ਕੌਰ ਗਰਚਾ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਧਾਲੀਵਾਲ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਤੇ ਕਾਂਗਰਸ ਕਮੇਟੀ ਸਮਾਣਾ ਦੇ ਮੀਤ ਪ੍ਰਧਾਨ ਬੇਅੰਤ ਸਿੰਘ, ਸਰਹੱਦੀ ਵੈੱਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਸਾਬਕਾ ਪ੍ਰਧਾਨ ਕੈਪਟਨ ਅਮਨਦੀਪ ਸਿੰਘ (ਗੁਰਦਾਸਪੁਰ), ਸੇਵਾਮੁਕਤ ਲੈਫਟੀਨੈਂਟ ਕਰਨਲ ਗੁਰਪ੍ਰਕਾਸ਼ ਸਿੰਘ ਵਿਰਕ (ਮੁਹਾਲੀ), ਅਕਾਲੀ ਦਲ ਪੰਜਾਬ ਦੇ ਸੰਯੁਕਤ ਸਕੱਤਰ ਅਤੇ ਪੰਜਾਬ ਰਾਏ ਸਿੱਖ (ਐੱਸਸੀ) ਸੁਧਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪੂਰਨ ਚੰਦ (ਫਾਜ਼ਿਲਕਾ), ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੀਏ ਅਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਤੁੰਗ, ਕਿਸਾਨ ਯੂਨੀਅਨ ਕਾਦੀਆਂ ਗਰੁੱਪ ਜ਼ਿਲ੍ਹਾ ਮੋਗਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਬੰਧਕ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਰਣਵੀਰ ਸਿੰਘ ਰਣੀਆਂ (ਮੋਗਾ), ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਚੌਧਰੀ ਅਰਜੁਨ ਸਿੰਘ ਕਾਂਸਲ (ਮੁਹਾਲੀ), ਡਾਇਰੈਕਟਰ ਪੰਜਾਬ ਮੰਡੀ ਬੋਰਡ ਅਤੇ ਆਲ ਇੰਡੀਆ ਜਾਟ ਮਹਾਸਭਾ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ (ਮੁਹਾਲੀ) ਸਮੇਤ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਸ਼ਾਮਲ ਹਨ।
ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਵਿਕਾਸ ਲਈ ਹਜ਼ਾਰਾਂ ਕਰੋੜ ਰੁਪਏ ਦੇ ਕੰਮ ਲੈ ਕੇ ਆਏ ਸਨ, ਪਰ ਸੂਬਾ ਸਰਕਾਰ ਤੇ ਚਾਲਬਾਜ਼ ਸਿਆਸਤਦਾਨਾਂ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੀ ਫੇਰੀ ਨੂੰ ਜਬਰਦਸਤੀ ਰੋਕ ਦਿੱਤਾ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਕੀਤੀ ਜਾ ਰਹੀ ਹੈ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ ਕਈ ਸਾਲਾਂ ਤੋਂ ਤਬਾਹੀ ਅਤੇ ਕਰਜ਼ੇ ਦੀ ਮਾਰ ਹੇਠ ਆ ਚੁੱਕਾ ਹੈ, ਜਿਸ ਦਾ ਮੁੜ ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ।