ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਕਤੂਬਰ
ਭਾਜਪਾ ਨੇ ਦੋਸ਼ ਲਾਇਆ ਹੈ ਕਿ ਸੂਬੇ ਦੇ ਹੁਕਮਰਾਨ ਲੋਕਾਂ ਦੀਆਂ ਸਮੱਸਿਆਵਾਂ ਤੋਂ ਕੰਨੀ ਕਤਰਾਅ ਕੇ ਐਸ਼ਪ੍ਰਸਤੀ ਵਾਲੇ ਰਾਹ ਪਏ ਹੋਏ ਹਨ। ਗੁਜਰਾਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨੱਚਣ ’ਤੇ ਟਿੱਪਣੀ ਕਰਦਿਆਂ ਭਗਵਾਂ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ੍ਰੀ ਮਾਨ ਦੀ ਸਥਿਤੀ ਇਟਲੀ ਦੇ ਤਾਨਾਸ਼ਾਹ ਨੀਰੋ ਵਰਗੀ ਹੋ ਰਹੀ ਹੈ, ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਫ਼ਸਲਾਂ ਉੱਜੜ ਰਹੀਆਂ ਹਨ, ਨੌਜਵਾਨ ਨਸ਼ਿਆਂ ’ਚ ਗ੍ਰਸੇ ਜਾ ਰਹੇ ਹਨ ਤੇ ਕਾਨੂੰਨ ਵਿਵਸਥਾ ਨਿੱਘਰ ਚੁੱਕੀ ਹੈ। ਮੁੱਖ ਮੰਤਰੀ ਨੇ ਇਜਲਾਸ ਵਿੱਚ ਬਿਜਲੀ, ਪਰਾਲੀ ਸਾੜਨ ਅਤੇ ਜੀਐਸਟੀ ਨਾਲ ਸਬੰਧਤ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਕੀਤੀ, ਸਦਨ ਵਿੱਚ ਸਿਰਫ਼ ਵਿਸ਼ਵਾਸ਼ ਵੋਟ ਹੀ ਪਾਸ ਕੀਤੀ ਗਈ।