ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਵਿੱਚ ਅੱਜ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਦਿਨ-ਦਿਹਾੜੇ ਹੋਈ ਹੱਤਿਆ ਦੀ ਨਿਖੇਧੀ ਕੀਤੀ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ, ਤਾਂ ਜੋ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਸਕੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ ਅਤੇ ਅਪਰਾਧੀ ਆਸਾਨੀ ਨਾਲ ਕਤਲ ਕਰ ਰਹੇ ਹਨ। ਇਹ ਘਟਨਾ ਜ਼ਾਹਿਰ ਕਰਦੀ ਹੈ ਕਿ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਸਮੁੱਚੀ ਸਰਕਾਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਰੁੱਝੀ ਹੋਈ ਹੈ। ਵੜਿੰਗ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸੂਬੇ ਤੋਂ ਬਾਹਰ ਰਹਿ ਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰ ਸਕਦੇ ਹਨ, ਪਰ ਪੰਜਾਬ ‘ਚ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਵਿੱਚ ਸ਼ਾਸਨ ਚਲਾਉਣਾ ਆਸਾਨ ਨਹੀਂ ਹੈ। ਪੰਜਾਬ ਨੂੰ ਪੂਰੇ ਸਮੇਂ ਦੇ ਸ਼ਾਸਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੂਰੀ ਦੀ ਸੁਰੱਖਿਆ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਹਾਲਾਤ ਮੁੜ ਕਾਲੇ ਦੌਰ ਵਿੱਚ ਵੱਲ ਨਹੀਂ ਜਾਣ ਦਿੱਤੇ ਜਾ ਸਕਦੇ। ਉਨ੍ਹਾਂ ਲੋਕਾਂ ਨੂੰ ਫੁੱਟ ਪਾਊ ਸਿਆਸਤ ਤੋਂ ਉਪਰ ਉਠ ਕੇ ਆਪਸੀ ਏਕਤਾ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦਿਨ ਦਿਹਾੜੇ ਸ਼ਿਵ ਸੈਨਾ ਆਗੂ ਦੇ ਹੋਏ ਕਤਲ ਨਾਲ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਭਲਕੇ ਇਸੇ ਜ਼ਿਲ੍ਹੇ ਦੇ ਬਿਆਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ।
ਪੰਜਾਬ ਵਿੱਚ ਸੁਰੱਖਿਅਤ ਨਹੀਂ ਹਿੰਦੂ ਆਗੂ: ਵਿਜੈ ਕਪੂਰ
ਪਟਿਆਲਾ (ਖੇਤਰੀ ਪ੍ਰਤੀਨਿਧ): ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੈ ਕਪੂਰ ਨੇ ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਘਟਨਾ ‘ਤੇ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਖ਼ਿਲਾਫ਼ ਹਿੰਦੂ ਸਮਾਜ ‘ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਫੇਲ੍ਹ ਹੋ ਚੁੱਕੀ। ਇਸ ਦੌਰਾਨ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਰਦਿਆਂ, ਉਨ੍ਹਾਂ ਪੁਲੀਸ ‘ਤੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਪ੍ਰ੍ਰਤੀ ਅਵੇਸਲੇ ਹੋਣ ਦੇ ਦੋਸ਼ ਵੀ ਲਾਏ। ਇਥੇ ਜਾਰੀ ਬਿਆਨ ‘ਚ ਵਿਜੈ ਕਪੂਰ ਨੇ ਕਿਹਾ ਕਿ ਸੁਧੀਰ ਸੂਰੀ ਧਰਮ ਲਈ ਕੰਮ ਕਰਦੇ ਸਨ। ਉਹ ਆਪਣੇ ਆਖ਼ਰੀ ਸਮੇਂ ਵਿੱਚ ਵੀ ਹਿੰਦੂ ਦੇਵੀ-ਦੇਵਤਿਆਂ ਦੀ ਬੇਅਦਬੀ ਖ਼ਿਲਾਫ਼ ਧਰਨੇ ‘ਤੇ ਬੈਠੇ ਸਨ। ਵਿਜੈ ਕਪੂਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਵੀ ਲੰਬੇ ਸਮੇਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਉਹ ਸਮੇਂ-ਸਮੇਂ ‘ਤੇ ਪੁਲੀਸ ਪ੍ਰਸ਼ਾਸਨ ਦੇ ਧਿਆਨ ‘ਚ ਲਿਆਉਂਦੇ ਰਹੇ ਹਨ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।