ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੂਨ
ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਵਜੋਂ ‘ਪਾਣੀ ਬਚਾਓ ਪੈਸੇ ਕਮਾਓ’ ਸਵੈ-ਇੱਛਤ ਸਕੀਮ ਤਹਿਤ ਪਾਇਲਟ ਪ੍ਰਾਜੈਕਟ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਵਿੱਚ ਯੋਗਦਾਨ ਪਾਉਣ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਵਿੱਤੀ ਮਦਦ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਹ ਨਵੀਂ ਯੋਜਨਾ ਹਾਲ ਦੀ ਘੜੀ ਕਿਸਾਨਾਂ ਤੱਕ ਸੀਮਤ ਰੱਖੀ ਗਈ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਸਰਕਾਰ ਵੱਲੋਂ ‘ਪਾਣੀ ਬਚਾਓ, ਪੈਸੇ ਕਮਾਓ’ ਦੇ ਬੈਨਰ ਹੇਠ ਇੱਕ ਸਵੈ-ਇੱਛਤ ਸਕੀਮ ਦਾ ਪਾਇਲਟ ਪ੍ਰਾਜੈਕਟ ਆਰੰਭਿਆ ਗਿਆ ਹੈ, ਜਿਸ ਤਹਿਤ ਬਿਜਲੀ ਦੀਆਂ ਯੂਨਿਟਾਂ ਦੀ ਹੱਦ ਮੋਟਰ ਦੀ ਸਮਰੱਥਾ ਅਨੁਸਾਰ ਮਿਥੀ ਜਾਂਦੀ ਹੈ। ਬਿਜਲੀ ਦੀ ਵਰਤੋਂ ਕਰਨ ਲਈ ਵੀ ਕਿਸਾਨਾਂ ਨੂੰ ਕੋਈ ਬਿੱਲ ਨਹੀਂ ਭੇਜਿਆ ਜਾਵੇਗਾ, ਪਰ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਨਿਸ਼ਚਿਤ ਸਮਰੱਥਾ ਤੋਂ ਘੱਟ ਬਿਜਲੀ ਖਪਤ ਕਰਨ ਵਾਲੇ ਕਿਸਾਨਾਂ ਨੂੰ ਬਚੀਆਂ ਹੋਈਆਂ ਯੂਨਿਟਾਂ ਲਈ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ।
ਇਸ ਪਾਇਲਟ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਚਲਾਉਣ ਲਈ ਅੱਜ ਸਥਾਨਕ ਡੀਸੀ ਸਾਕਸ਼ੀ ਸਾਹਨੀ ਨੇ ਪੀਐੱਸਪੀਸੀਐੱਲ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਜਿੱਥੇ ਪਾਣੀ ਦੀ ਦੁਰਵਰਤੋਂ ਨੂੰ ਘਟਾਵੇਗਾ, ਉਥੇ ਹੀ ਬਿਜਲੀ ਦੀ ਵਰਤੋਂ ਵਿੱਚ ਸੰਜਮ ਵੀ ਲਿਆਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਵਿੱਚ ਇਸ ਪਾਇਲਟ ਪ੍ਰਾਜੈਕਟ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ 25 ਕਿਸਾਨਾਂ ਨੂੰ ਇਹ ਸਹੂਲਤ ਦਿੱਤੀ ਗਈ ਸੀ ਤੇ ਹੁਣ ਦੂਸਰਾ ਪੜਾਅ ਸ਼ੁਰੂ ਕੀਤਾ ਗਿਆ ਹੈ।