ਸੁਖਦੇਵ ਸਿੰਘ
ਅਜਨਾਲਾ, 27 ਅਗਸਤ
ਸਿਹਤ ਵਿਭਾਗ ਪੰਜਾਬ ਵੱਲੋਂ ਗਰਭਵਤੀ ਔਰਤਾਂ ਦੀ ਖੁਰਾਕ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੇ ਨਾਲ-ਨਾਲ ਸਾਵਧਾਨੀਆਂ ਵਰਤਣ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਕੇਅਰ ਕੰਪਨਿੰਗ ਪ੍ਰੋਗਰਾਮ ਨੂੰ ਸੂਬੇ ਅੰਦਰ ਸਬ-ਡਿਵੀਜ਼ਨ ਪੱਧਰ ’ਤੇ ਸ਼ਹਿਰ ਦੇ ਸਿਵਲ ਹਸਪਤਾਲ ਅਜਨਾਲਾ ’ਚ ਸ਼ੁਰੂ ਕੀਤਾ ਗਿਆ। ਪ੍ਰੋਗਰਾਮ ਲਾਂਚ ਕਰ ਉਪਰੰਤ ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਭਾਰਤ ਅੰਦਰ ਨਵਜੰਮੇ ਬੱਚਿਆਂ ਦੀ ਮੌਤ ਦਰ ਵਿਸ਼ਵ ਦੇ ਹੋਰ ਦੇਸ਼ਾਂ ਨਾਲੋਂ ਜ਼ਿਆਦਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 70 ਫ਼ੀਸਦ ਮੌਤਾਂ ਬਿਹਤਰ ਅਭਿਆਸ ਦੁਆਰਾ ਰੋਕੀਆਂ ਜਾ ਸਕਦੀਆਂ ਹਨ, ਇਸ ਕਾਰਨ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਤਹਿਤ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਖੁਰਾਕ, ਦੇਖਭਾਲ ਅਤੇ ਸਾਵਧਾਨੀਆਂ ਸਬੰਧੀ ਹਸਪਤਾਲ ਅੰਦਰ ਮਹਿਲਾ ਡਾਕਟਰ ਰੋਜ਼ਾਨਾ ਜਾਗਰੂਕ ਕਰਨਗੀਆਂ। ਇਸ ਮੌਕੇ ਡਿਪਟੀ ਡਾਇਰੈਕਟਰ ਬਲਜੀਤ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਅਜਨਾਲਾ ਡਾ. ਓਮ ਪ੍ਰਕਾਸ਼ ਨੇ ਵੀ ਸੰਬੋਧਨ ਕੀਤਾ।