ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜਨਵਰੀ
ਰਾਮ ਜਨਮ ਭੂਮੀ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਵਾਸਤੇ ਲੋਕਾਂ ਕੋਲੋਂ ਦਾਨ ਇਕੱਠਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਇੱਥੇ ਰਾਮ ਤੀਰਥ ਮੰਦਰ ਤੋਂ ਕੀਤੀ ਗਈ ਹੈ। ਇਸ ਤਹਿਤ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਦਾਨ ਦੀ ਰਕਮ ਇਕੱਠੀ ਕੀਤੀ ਜਾਵੇਗੀ। ਸ੍ਰੀ ਰਾਮ ਮੰਦਰ ਨਿਰਮਾਣ ਦਾਨ ਸੰਗ੍ਰਹਿ ਸਮਿਤੀ ਦੇ ਆਗੂ ਡਾ. ਰਜਨੀਸ਼ ਅਰੋੜਾ ਦੀ ਅਗਵਾਈ ਹੇਠ ਅੱਜ ਇਤਿਹਾਸਕ ਰਾਮ ਤੀਰਥ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦਾਨ ਇਕੱਠਾ ਕਰਨ ਦੀ ਇਹ ਮੁਹਿੰਮ 27 ਫਰਵਰੀ ਤਕ ਚੱਲੇਗੀ। ਇਸ ਸਬੰਧੀ ਲੋੜੀਂਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਜਾਗਰੂਕਤਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਨ ਸੰਪਰਕ ਮੁਹਿੰਮ ਤਹਿਤ ਇਕੱਠੇ ਕੀਤੇ ਦਾਨ ਤੋਂ ਹੀ ਮੰਦਰ ਦੀ ਉਸਾਰੀ ਕੀਤੀ ਜਾਵੇਗੀ। ਇਸ ਸਬੰਧੀ ਸਰਕਾਰੀ ਮਦਦ ਨਹੀਂ ਲਈ ਜਾਵੇਗੀ।