ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 10 ਸਤੰਬਰ
ਪਿੱਪਲੀ ਵਿੱਚ ‘ਕਿਸਾਨ ਬਚਾਓ-ਮੰਡੀ ਬਚਾਓ ਮਹਾਰੈਲੀ’ ’ਚ ਤਿੰਨ ਆਰਡੀਨੈਂਸਾਂ ਖ਼ਿਲਾਫ਼ ਸ਼ਿਰਕਤ ਕਰਨ ਆਏ ਕਿਸਾਨਾਂ ’ਤੇ ਪੁੁਲੀਸ ਨੇ ਲਾਠੀਚਾਰਜ ਕੀਤਾ। ਕਿਸਾਨਾਂ ਨੇ ਇਸ ਕਾਰਵਾਈ ’ਤੇ ਗੁੱਸਾ ਜ਼ਾਹਰ ਕਰਦਿਆਂ ਪੁਲੀਸ ’ਤੇ ਪੱਥਰ ਸੁੱਟੇ ਅਤੇ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਹਾਲਾਂਕਿ ਪੁਲੀਸ ਨੇ ਲਾਠੀਚਾਰਜ ਕੀਤਾ, ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਮਨੋਬਲ ਅੱਗੇ ਝੁਕਣਾ ਪਿਆ। ਆਖ਼ਰਕਾਰ ਪ੍ਰਸ਼ਾਸਨ ਨੂੰ ਦੁਪਹਿਰ ਵੇਲੇ ਰੈਲੀ ਕਰਨ ਦੀ ਇਜਾਜ਼ਤ ਦੇਣੀ ਪਈ। ਇਸ ਦੌਰਾਨ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹਰਾਹ ਲਗਪਗ ਚਾਰ ਘੰਟਿਆਂ ਲਈ ਜਾਮ ਰਿਹਾ ਜਿਸ ਕਾਰਨ ਹਜ਼ਾਰਾਂ ਵਾਹਨ ਫਸ ਗਏ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਕਿਸਾਨ ਯੂਨੀਅਨ ਨੂੰ ਪਿੱਪਲੀ ਦਾਣਾ ਮੰਡੀ ਵਿੱਚ ਇਹ ਮਹਾਰੈਲੀ ਕਰਨ ਦੀ ਆਗਿਆ ਨਹੀਂ ਦਿੱਤੀ ਸੀ। ਜ਼ਿਲ੍ਹਾ ਕੁਲੈਕਟਰ ਸ਼ਰਨਦੀਪ ਕੌਰ ਬਰਾੜ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਯੂਨੀਅਨ ਨੂੰ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜ ਜ਼ਿਲ੍ਹੇ ਦੀ ਸਰਹੱਦ ਸੀਲ ਕਰਦਿਆਂ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਨੇ ਯਾਤਰੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਅਤੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ।
ਪਿਪਲੀ ਚੌਕ ’ਚ ਐੱਸਡੀਐੱਮ ਅਖਿਲ ਪਿਲਾਨੀ ਅਤੇ ਐੱਸਪੀ ਆਸਥਾ ਮੋਦੀ ਸਮੇਤ ਕਈ ਅਧਿਕਾਰੀ ਮੌਜੂਦ ਸਨ। ਜ਼ਿਲ੍ਹੇ ਵਿੱਚ ਨਾਕਾਬੰਦੀ ਦੇ ਬਾਵਜੂਦ ਕਿਸਾਨ ਪਿਪਲੀ ਚੌਕ ਪਹੁੰਚ ਗਏ। ਐੱਸਡੀਐੱਮ ਅਖਿਲ ਪਿਲਾਨੀ ਨੇ ਪਿਪਲੀ ਕਿਸਾਨਾਂ ਨੂੰ ਸਮਝਾਇਆ ਅਤੇ ਅੱਗੇ ਜਾਣ ਤੋਂ ਰੋਕਿਆ, ਪਰ ਕਿਸਾਨ ਰੈਲੀ ਵਾਲੀ ਥਾਂ ’ਤੇ ਜਾਣ ਲਈ ਅੜੇ ਰਹੇ। ਪੁਲੀਸ ਨੇ ਘੇਰਾਬੰਦੀ ਕਰ ਕੇ ਕਿਸਾਨਾਂ ਨੂੰ ਰੋਕ ਲਿਆ। ਇਸ ’ਤੇ ਕਿਸਾਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਘੇਰਾਬੰਦੀ ਤੋੜ ਦਿੱਤੀ ਜਿਸ ’ਤੇ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਭਜਾ ਦਿੱਤਾ। ਕੁਝ ਕਿਸਾਨ ਆਗੂਆਂ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਭਾਕਿਯੂ ਰਾਜ ਦੇ ਬੁਲਾਰੇ ਰਾਕੇਸ਼ ਬੈਂਸ ਨੂੰ ਜੀਟੀ ਰੋਡ ਪਿੰਡ ਸ਼ਰੀਫਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੀ ਇਸ ਕਾਰਵਾਈ ਨਾਲ ਕਿਸਾਨ ਗੁੱਸੇ ਵਿੱਚ ਆ ਗਏ ਅਤੇ ਟਰੈਕਟਰ ਸਣੇ ਬੈਰੀਕੇਡ ਤੋੜਨ ਲੱਗੇ। ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਦੁਪਹਿਰ ਇੱਕ ਵਾਰ ਫਿਰ ਕਿਸਾਨਾਂ ਨੂੰ ਲਾਠੀਚਾਰਜ ਕਰ ਕੇ ਭਜਾ ਦਿੱਤਾ। ਨਾਰਾਜ਼ ਕਿਸਾਨਾਂ ਨੇ ਪੁਲੀਸ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਦੁਪਹਿਰ ਦੀ ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਕੌਮੀ ਸ਼ਾਹਰਾਹ ’ਤੇ ਆਵਾਜਾਈ ਠੱਪ ਕਰ ਦਿੱਤੀ ਅਤੇ ਲਗਭਗ 4 ਘੰਟਿਆਂ ਲਈ ਜਾਮ ਕਰ ਦਿੱਤਾ। ਨਤੀਜੇ ਵਜੋਂ ਕਈ ਕਿਲੋਮੀਟਰ ਜਾਮ ਲੱਗ ਗਿਆ ਕਿਸਾਨਾਂ ਦੀ ਭੀੜ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਦੁਪਹਿਰ ਪਿੱਪਲੀ ਅਨਾਜ ਮੰਡੀ ਵਿੱਚ ਰੈਲੀ ਕਰਨ ਦੀ ਇਜਾਜ਼ਤ ਦੇੇੇਣੀ ਪਈ। ਭਾਕਿਯੂ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਨੇ ਰੈਲੀ ਵਾਲੀ ਥਾਂ ’ਤੇ ਪਹੁੰਚ ਕੇ ਮਿਲੀ ਇਜਾਜ਼ਤ ਨੂੰ ਕਿਸਾਨਾਂ, ਆੜ੍ਹਤੀਆਂ ਅਤੇ ਮੁਨੀਮਾਂ ਦੀ ਪਹਿਲੀ ਜਿੱਤ ਦੱਸਿਆ। ਰੈਲੀ ਵਾਲੀ ਥਾਂ ’ਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਮੰਤਰੀ ਅਸ਼ੋਕ ਅਰੋੜਾ ਅਤੇ ਲਾਡਵਾ ਤੋਂ ਕਾਂਗਰਸ ਦੇ ਵਿਧਾਇਕ ਮੇਵਾ ਸਿੰਘ ਮੌਜੂਦ ਸਨ।
20 ਸਤੰਬਰ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਜਾਮ ਦੀ ਚਿਤਾਵਨੀ
ਪਿਪਲੀ ਅਨਾਜ ਮੰਡੀ ਵਿੱਚ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਦੇਸ਼ ਵਿਰੋਧੀ ਤਿੰਨ ਆਰਡੀਨੈਂਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਮੰਡੀਆਂ ਦਾ ਢਾਂਚਾ ਪਹਿਲਾਂ ਵਾਂਗ ਹੀ ਰਹਿਣਾ ਚਾਹੀਦਾ ਹੈ। ਰੈਲੀ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 14 ਸਤੰਬਰ ਤੋਂ ਸਾਰੇ ਜ਼ਿਲ੍ਹੇ ਦੁਬਾਰਾ ਧਰਨੇ ਸ਼ੁਰੂ ਕਰਨਗੇ ਅਤੇ 20 ਸਤੰਬਰ ਨੂੰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਿੰਨਾਂ ਆਰਡੀਨੈਂਸਾਂ ਵਿਰੁੱਧ ਜਾਮ ਲਾਇਆ ਜਾਵੇਗਾ।