ਸਰਬਜੀਤ ਸਿੰਘ ਭੰਗੂ /ਰਵੇਲ ਸਿੰਘ ਭਿੰਡਰ
ਪਟਿਆਲਾ, 7 ਮਾਰਚ
ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੀ ਅਗਵਾਈ ਹੇਠ ਅੱਜ ਇਥੇ ਰੋਸ ਰੈਲੀ ਮਗਰੋਂ ਮੁੱਖ ਮੰਤਰੀ ਨਿਵਾਸ ਨੇੜੇ ਪੁੱਜੇ ਮੁਲਾਜ਼ਮਾਂ ਤੇ ਪੁਲੀਸ ਵਿਚਾਲੇ ਝੜਪ ਹੋ ਗਈ। ਹਰ ਮੀਟਿੰਗ ਬੇਸਿੱਟਾ ਰਹਿਣ ਦੇ ਰੋਸ ਵਜੋਂ ਐਤਕੀਂ ਸਿਰਫ਼ ਮੁੱਖ ਮੰਤਰੀ ਨਾਲ ਹੀ ਮੀਟਿੰਗ ਲੈਣ ਦੀ ਜ਼ਿੱਦ ਕਰਦਿਆਂ ਮੁਲਾਜ਼ਮਾਂ ਨੇ ਜਦੋਂ ਨਿਊ ਮੋਤੀ ਬਾਗ ਪੈਲੇਸ ਵੱਲ ਵਧਣ ਲਈ ਹੱਲਾ ਬੋਲਿਆ ਤਾਂ ਪੁਲੀਸ ਨੇ ਵੀ ਅੱਗੋਂ ਹਮਲਾਵਰੀ ਰੁਖ ਅਖਤਿਆਰ ਕਰਦਿਆਂ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਮਹਿਲਾ ਐੱਸਐੱਚਓ ਪ੍ਰਿਯਾਂਸ਼ੂ ਸਿੰਘ ਤੇ ਛੇ ਹੋਰ ਪੁਲੀਸ ਮੁਲਾਜ਼ਮਾਂ ਸਮੇਤ ਦਰਜਨ ਭਰ ਮੁਲਾਜ਼ਮ ਆਗੂ ਫੱਟੜ ਹੋ ਗਏ। ਇਨ੍ਹਾਂ ’ਚੋਂ ਹਰਦੀਪ ਟੋਡਰਪੁਰ ਦੀ ਉਂਗਲ ਟੁੱਟ ਗਈ। ਇਹ ਘਟਨਾ ਵਾਈਪੀਐੱਸ ਚੌਕ ’ਚ ਵਾਪਰੀ। ਹਜ਼ਾਰਾਂ ਦੀ ਗਿਣਤੀ ’ਚ ਇਥੇ ਪੁੱੱਜੇ ਬਹੁਤੇ ਮੁਲਾਜ਼ਮਾਂ ਨੂੰ ਤਾਂ ਭਾਵੇਂ ਪੁਲੀਸ ਨੇ ਲਾਠੀਚਾਰਜ ਨਾਲ ਖਦੇੜ ਦਿੱਤਾ ਪਰ ਸੈਂਕੜੇ ਮਹਿਲਾ ਮੁਲਾਜ਼ਮ ਚੌਕ ’ਚ ਹੀ ਡਟੇ ਰਹੇ। ਉਧਰ ਖਦੇੜੇ ਗਏ ਮੁਲਾਜ਼ਮਾਂ ਨੇ ਵੀ ਮੋਦੀ ਕਾਲਜ ਅੱਗੇ ਧਰਨਾ ਮਾਰ ਦਿੱਤਾ।
ਇਸੇ ਦੌਰਾਨ ਪੁਲੀਸ ਨੇ ਹਰਦੀਪ ਟੋਡਰਪੁਰ, ਦਵਿੰਦਰ ਪੂਨੀਆ, ਜਰਮਨਜੀਤ, ਬੁਪਿੰਦਰ ਵੜੈਚ, ਹਰਭਜਨ ਸਿੰਘ ਅਤੇ ਪਰਮਜੀਤ ਮਾਨਸਾ ਆਦਿ ਮੁਲਾਜ਼ਮ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਫਿਰ ਦੋਵਾਂ ਚੌਕਾਂ ’ਚ ਬੈਠੇ ਮੁਲਾਜ਼ਮਾਂ ਨੇ ਇਨ੍ਹਾਂ ਦੀ ਰਿਹਾਈ ਤੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਲਈ ਮਾਲ ਰੋਡ ’ਤੇ ਜਾ ਕੇ ਧਰਨਾ ਮਾਰ ਦਿੱਤਾ। ਅਖੀਰ ਮੁੱਖ ਮੰਤਰੀ ਦੇ ਓਐੱਸਡੀ ਐੱਮਪੀ ਸਿੰਘ ਨਾਲ 9 ਮਾਰਚ ਲਈ ਮੀਟਿੰਗ ਤੈਅ ਹੋਣ ਅਤੇ ਫੜੇ ਆਗੂਆਂ ਨੂੰ ਛੱਡਣ ਮਗਰੋਂ ਹੀ ਮੁਲਾਜ਼ਮਾਂ ਨੇ ਰਾਤ ਅੱਠ ਵਜੇ ਧਰਨਾ ਸਮਾਪਤ ਕੀਤਾ। ਇਸ ਤੋਂ ਪਹਿਲਾਂ ਰੈਲੀ ਨੂੰ ਮੋਰਚੇ ਦੇ ਕਨਵੀਨਰਾਂ ਜਰਮਨਜੀਤ ਸਿੰਘ, ਰਵਿੰਦਰ ਲੂਥਰਾ, ਹਰਪਾਲ ਸਿੰਘ, ਰਤਨ ਸਿੰਘ ਮਜਾਰੀ, ਓਮ ਪ੍ਰਕਾਸ਼ ਤੇ ਦਵਿੰਦਰ ਪੂਨੀਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਆਗੂਆਂ ਨੇ ਕੱਚੇ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਨਾ ਲਾਗੂ ਕਰਨ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਲਾਗੂ ਕਰਨ ਦੀ ਨਿਖੇਧੀ ਕੀਤੀ।
ਛੇ ਸੌ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ
ਪਟਿਆਲਾ (ਖੇਤਰੀ ਪ੍ਰਤੀਨਿਧ) : ਅੱਜ ਮੁੱਖ ਮੰਤਰੀ ਨਿਵਾਸ ਨੇੇੜੇ ਮੰਗਾਂ ਦੀ ਪੂਰਤੀ ਲਈ ਧਰਨਾ ਦੇਣ ਆਏ ਮੁਲਾਜਮਾਂ ਤੇ ਪੁਲੀਸ ਫੋਰਸ ਦਰਮਿਆਨ ਹੋਈ ਝੜਪ ਨੂੰ ਲੈ ਕੇ ਛੇ ਸੌ ਦੇ ਕਰੀਬ ਮੁਲਾਜ਼ਮਾਂ ਖਿਲਾਫ਼ ਥਾਣਾ ਸਿਵਲ ਲਾਈਨ ’ਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਦਰਜ ਕੀਤੇ ਕੇਸ ’ਚ ਹਰਦੀਪ ਟੋਡਰਪੁਰ, ਗਗਨ ਰਾਣੂ, ਵਿਕਰਦੇਵ, ਗੁਰਜੀਤ ਘੱਗਾ, ਭੁਪਿੰਦਰ ਵੜੈਚ, ਦਵਿੰਦਰ ਪੂਨੀਆਂ, ਸੁਖਦੇਵ ਸਿੰਘ, ਸੁਖਪਾਲ ਭੈਣੀ, ਰਘਬੀਰ ਸਿੰਘ ਅਤੇ ਮੀਸਮਾ ਆਦਿ ਦੇ ਨਾਮ ਸ਼ਾਮਲ ਹਨ। ਇਨ੍ਹਾਂ ਮੁਲਾਜ਼ਮਾ ’ਤੇ ਪੁਲੀਸ ਉੱਪਰ ਹਮਲਾ ਕਰਨ, ਡਿਊਟੀ ’ਚ ਵਿਘਨ ਪਾਓਣ ਅਤੇ ਕਰੋਨਾ ਸਬੰਧ ਨਿਯਮਾ ਦੀ ਉਲੰਘਣਾ ਕਰਨ ਵਰਗੇ ਦੋਸ਼ ਲਾਏ ਗਏ ਹਨ।