ਰਵਿੰਦਰ ਰਵੀ
ਬਰਨਾਲਾ, 19 ਸਤੰਬਰ
ਸਰਕਾਰੀ ਕਾਲਜਾਂ ’ਚ ਕੀਤੀ ਗਈ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਗਪਗ ਦੋ ਸੌ ਲਾਇਬ੍ਰੇਰੀਅਨਾਂ ਦੀ ਭਰਤੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਉਕਤ ਭਰਤੀ ਦੇ ਉਮੀਦਵਾਰਾਂ ਵੱਲੋਂ ਅੱਜ ਸਥਾਨਕ ਕਚਹਿਰੀ ਚੌਕ ’ਚ ਪੱਕੀ ਨੌਕਰੀ ਦੀ ਮੰਗ ਲਈ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਜਿਉਂ ਹੀ ਉਹ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਦੀ ਕੋਠੀ ਵੱਲ ਬੈਰੀਕੇਡ ਤੋੜ ਕੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਪੁਲੀਸ ਦੀਆਂ ਡਾਂਗਾਂ ਅੱਗੇ ਵੀ ਧਰਨਾਕਾਰੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਆਖ਼ਰ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਾਠੀਚਾਰਜ ਕਰ ਕੇ ਧਰਨੇ ਵਾਲੀ ਥਾਂ ਤੋਂ ਖਦੇੜ ਦਿੱਤਾ ਤੇ ਕੁਝ ਨੂੰ ਪੁਲੀਸ ਬੱਸਾਂ ਧੂਹ ਕੇ ਵੱਖ-ਵੱਖ ਥਾਣਿਆਂ ਵਿੱਚ ਲੈ ਗਈ। ਫਰੰਟ ਦੇ ਕਨਵੀਨਰ ਡਾ. ਸੋਹੇਲ ਕਰਮਜੀਤ ਸਿੰਘ, ਜਗਮੀਤ ਸਿੰਘ ਸਣੇ ਲੜਕੀਆਂ ਨੇ ਕਿਹਾ ਕਿ ‘ਆਪ’ ਸਰਕਾਰ ਵੇਲੇ ਪ੍ਰੋਫੈ਼ਸਰਾਂ ਨਾਲ ਅਜਿਹਾ ਵਰਤਾਅ ਹੋਵੇਗਾ, ਉਨ੍ਹਾਂ ਨੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ। ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਐਲਾਨੇ ਰੋਸ ਪ੍ਰਦਰਸ਼ਨ ਤਹਿਤ ਅੱਜ ਸਵੇਰ ਤੋਂ ਹੀ 1158 ਸਹਾਇਕ ਪ੍ਰੋਫੈ਼ਸਰ ਭਰਤੀ ਦੇ ਉਮੀਦਵਾਰ ਤੇ ਲਾਇਬਰੇਰੀਅਨ ਫਰੰਟ ਪੰਜਾਬ ਦੇ ਬੈਨਰ ਹੇਠ ਪ੍ਰਦਰਸ਼ਨਕਾਰੀ ਕਚਹਿਰੀ ਚੌਕ ਕੋਲ ਇਕੱਠੇ ਹੋ ਗਏ। ਉਨ੍ਹਾਂ ਵੱਲੋਂ ਪ੍ਰਸ਼ਾਸਨਿਮ ਅਧਿਕਾਰੀਆਂ ਤੋਂ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਗਈ, ਪਰ ਜਦੋਂ ਉਨ੍ਹਾਂ ਦੀ ਕਿਸੇ ਨੇ ਨਾ ਸੁਣੀ ਤਾਂ ਉਨ੍ਹਾਂ ਖੇਡ ਮੰਤਰੀ ਦੀ ਕੋਠੀ ਵੱਲ ਚਾਲ ਪਾ ਦਿੱਤੇ। ਜਦੋਂ ਉਨ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਪੁਲੀਸ ਲਾਠੀਚਾਰਜ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।