ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 2 ਅਕਤੂਬਰ
ਇਥੇ ਕਰਜ਼ਾ ਵਸੂਲੀ ਕਰਨ ਵਾਲੇ ਏਜੰਟ ਦੇ ਸੋਸ਼ਣ ਕਾਰਨ ਨਾਬਾਲਗ ਲੜਕੀ ਦੇ ਖੁਦਕੁਸ਼ੀ ਕਰਨ ਦੇ ਇੱਕ ਸਾਲ ਬਾਅਦ ਥਾਣਾ ਸਦਰ ਰਾਏਕੋਟ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਚੌਕੀ ਲੋਹਟਬੱਦੀ ਦੇ ਇੰਚਾਰਜ ਸੁਖਵਿੰਦਰ ਸਿੰਘ ਅਨੁਸਾਰ ਮਾਮਲੇ ਦੀ ਜਾਂਚ ਸਦਰ ਥਾਣਾ ਰਾਏਕੋਟ ਦੇ ਮੁਖੀ ਅਤੇ ਡੀਐੱਸਪੀ ਰਾਏਕੋਟ ਵੱਲੋਂ ਕੀਤੀ ਗਈ ਸੀ, ਪਰ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਵੱਲੋਂ ਕੁਝ ਇਤਰਾਜ਼ ਲਾ ਕੇ ਮੁੜ ਜਾਂਚ ਦੇ ਹੁਕਮ ਦਿੱਤੇ ਗਏ ਸਨ ਅਤੇ ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਰਾਏ ਲੈਣ ਉਪਰੰਤ ਹੀ ਇਹ ਕੇਸ ਦਰਜ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਪਰ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਰੁਲਦੂ ਰਾਮ ਵਾਸੀ ਕੱਚਾ ਕਿਲ੍ਹਾ ਰਾਏਕੋਟ ਕੰਪਨੀ ਦੇ ਕਰਜ਼ਾ ਵਸੂਲੀ ਏਜੰਟ ਵਜੋਂ ਕੰਮ ਕਰਦਾ ਸੀ ਤੇ ਪੀੜਤ ਲੜਕੀ ਦੇ ਪਿਤਾ ਨੇ ਵੀ ਕੰਪਨੀ ਤੋਂ ਚਾਲੀ ਹਜ਼ਾਰ ਰੁਪਏ ਕਰਜ਼ਾ ਲਿਆ ਹੋਇਆ ਸੀ। ਇਹ ਏਜੰਟ ਕਰਜ਼ਾ ਵਸੂਲੀ ਦੇ ਚੱਕਰ ਵਿਚ ਨਾਬਾਲਗ ਲੜਕੀ ’ਤੇ ਦਬਾਅ ਬਣਾ ਰਿਹਾ ਸੀ ਜਿਸ ਤੋਂ ਤੰਗ ਆ ਕੇ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।