ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਾਰਚ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਇਥੋਂ ਦੇ ਗੋਲਡਨ ਗੇਟ ਤੋਂ ਟਰੈਕਟਰ ਟਰਾਲੀਆਂ ਦਾ ਵੱਡਾ ਕਾਫਲਾ ਰਵਾਨਾ ਕੀਤਾ ਗਿਆ। ਇਸ ਦੌਰਾਨ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕਰਨ ਲਈ ਉਥੋਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਥੋਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਭਾਜਪਾ ਉਮੀਦਵਾਰਾਂ ਦਾ ਬਾਈਕਾਟ ਕੀਤਾ ਜਾ ਸਕੇ। ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ 20 ਮਾਰਚ ਨੂੰ ਇੱਕ ਹੋਰ ਜਥਾ ਦਿੱਲੀ ਵੱਲ ਰਵਾਨਾ ਕੀਤਾ ਜਾਵੇਗਾ।
ਇਸ ਵਾਰ ਟਰੈਕਟਰ-ਟਰਾਲੀਆਂ ਨੂੰ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਟਰਾਲੀਆਂ ਦੇ ਆਲੇ ਦੁਆਲੇ ਜਾਲੀ ਲਾਈ ਗਈ ਹੈ ਤਾਂ ਜੋ ਮੱਖੀ-ਮੱਛਰ ਤੋਂ ਬਚਾਅ ਹੋ ਸਕੇ। ਟਰਾਲੀ ਦੇ ਅੰਦਰ ਪੀਣ ਵਾਲੇ ਪਾਣੀ, ਪੱਖਾ ਅਤੇ ਬਲਬ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਸਾਬਕਾ ਫ਼ੌਜੀਆਂ ਵਲੋਂ ਕਿਸਾਨ ਮੋਰਚੇ ਵਿੱਚ ਡਟੇ ਕਿਸਾਨਾਂ ਦੀ ਸਹੂਲਤ ਲਈ ਪੱਖੇ ਵੀ ਭੇਟ ਕੀਤੇ ਗਏ ਹਨ। ਸਾਬਕਾ ਫੌਜੀ ਹਰਜੀਤ ਸਿੰਘ ਨੇ ਆਖਿਆ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜ੍ਹੇ ਹਨ।