ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਪਰੈਲ
ਪੰਥ ’ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬਿਰਧ ਮਾਤਾ-ਪਿਤਾ ਨੇ ਅੱਜ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਇਕ ਪੱਤਰ ਦੇ ਕੇ ਲੰਗਾਹ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ। ਤਾਰਾ ਸਿੰਘ ਅਤੇ ਪ੍ਰੀਤਮ ਕੌਰ ਵੱਲੋਂ ਲਿਖਿਆ ਗਿਆ ਇਹ ਪੱਤਰ ਬਜ਼ੁਰਗ ਜੋੜੇ ਦੇ ਪੋਤੇ ਸੋਨੂੰ ਲੰਗਾਹ ਨੇ ਅਕਾਲ ਤਖ਼ਤ ਸਕੱਤਰੇਤ ਦੇ ਮੁੱਖ ਸਕੱਤਰ ਨੂੰ ਸੌਂਪਿਆ। ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਉਨ੍ਹਾਂ ਦੋਵਾਂ ਦੀ ਉਮਰ 88 ਅਤੇ 90 ਸਾਲ ਹੈ। ਵਡੇਰੀ ਉਮਰ ਹੋਣ ਕਾਰਨ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਅਜਿਹੀ ਸਥਿਤੀ ਵਿਚ ਸਾਹਾਂ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਮੁਕ ਜਾਣ। ਉਨ੍ਹਾਂ ਕਿਹਾ ਕਿ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਗੁਰੂ ਘਰ ਪ੍ਰਤੀ ਸ਼ਰਧਾ ਰੱਖਦਾ ਆ ਰਿਹਾ ਹੈ ਅਤੇ ਉਹ ਬਚਪਨ ਤੋਂ ਹੀ ਅੰਮ੍ਰਿਤਧਾਰੀ ਹਨ। ਉਨ੍ਹਾਂ ਕਿਹਾ ਕਿ ਪੁੱਤਰ ਸੁੱਚਾ ਸਿੰਘ ਲੰਗਾਹ ਕੋਲੋਂ ਹੋਈ ਭੁੱਲ ਲਈ ਉਹ ਖਿਮਾ ਯਾਚਨਾ ਕਰਦੇ ਹਨ। ਉਸ ਨੂੰ ਪੰਥ ’ਚੋਂ ਛੇਕੇ ਜਾਣ ਕਾਰਨ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਾਨਸਿਕ ਤੇ ਸਮਾਜਿਕ ਪੀੜਾ ’ਚੋਂ ਲੰਘਣਾ ਪੈ ਰਿਹਾ ਹੈ। ਉਹ ਇਹ ਦਾਗ ਲੈ ਕੇ ਰੁਖਸਤ ਨਹੀਂ ਹੋਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਲੰਗਾਹ ਸਮਰਥਕਾਂ ਵੱਲੋਂ ਵੀ ਅਕਾਲ ਤਖਤ ਵਿੱਚ ਇਸ ਸਬੰਧੀ ਇੱਕ ਪੱਤਰ ਦਿੱਤਾ ਗਿਆ ਸੀ। ਦੂਜੇ ਪਾਸੇ ਲੰਗਾਹ ਵਿਰੋਧੀ ਵੀ ਸੰਭਾਵਿਤ ਮੁਆਫੀ ਖ਼ਿਲਾਫ਼ ਅਕਾਲ ਤਖਤ ’ਤੇ ਪੱਤਰ ਦਿੰਦੇ ਆ ਰਹੇ ਹਨ।