ਗੁਰਜੰਟ ਕਲਸੀ
ਸਮਾਲਸਰ, 19 ਜੂਨ
ਇੱਥੋਂ ਨੇੜਲੇ ਪਿੰਡ ਲੰਡੇ ਵਿੱਚ ਦਲਿਤ ਬੱਚੇ ਦੇ ਕਤਲ ਦਾ ਮਾਮਲਾ ਗੰੰਭੀਰ ਹੁੰਦਾ ਜਾ ਰਿਹਾ ਹੈ। ਅੱਜ ਸ਼ਮਸ਼ਾਨਘਾਟ ਵਿੱਚ ਸਸਕਾਰ ਤੋਂ ਪਹਿਲਾਂ ਇਕ ਧਿਰ ਨੇ ਚਿਣੀ ਚਿਖਾ ਵਿੱਚੋਂ ਬੱਚੇ ਦੀ ਲਾਸ਼ ਕਢਵਾ ਕੇ ਦੁਬਾਰਾ ਫਰੀਜ਼ ਕਰਨ ਲਈ ਭਿਜਵਾ ਦਿੱਤੀ। ਇਹ ਧਿਰ ਚਾਹੁੰਦੀ ਸੀ ਕਿ ਜਦ ਤੱਕ ਮਤਰੇਈ ਮਾਂ ਸਮੇਤ ਬੱਚੇ ਦੇ ਪਿਤਾ ਮੰਗਾ ਸਿੰਘ ਉਰਫ ਸੁਖਦੇਵ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਨਹੀਂ ਹੁੰਦਾ, ਉਹ ਸਸਕਾਰ ਨਹੀਂ ਹੋਣ ਦੇਣਗੇ। ਇਸ ਮਗਰੋਂ ਭਾਰਤੀ ਕਿਸਾਨ ਯੂਨੀਅਨ ਅਤੇ ‘ਆਪ’ ਆਗੂਆਂ ਨੇ ਤੁਰੰਤ ਕਾਰਵਾਈ ਲਈ ਸ਼ਾਮ ਤਿੰਨ ਵਜੇ ਤੋਂ ਸਾਢੇ ਸੱਤ ਵਜੇ ਤੱਕ ਕੌਮੀ ਮਾਰਗ ’ਤੇ ਗਊਸ਼ਾਲਾ ਕੋਲ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ।
ਦੋ ਦਿਨ ਪਹਿਲਾਂ ਲੰਡੇ ਵਿੱਚ ਭੇਤਭਰੀ ਹਾਲਤ ਵਿੱਚ ਕਤਲ ਹੋਏ ਤਿੰਨ ਸਾਲਾ ਬੱਚੇ ਅਭਿਜੋਤ ਦੇ ਦਾਦੇ ਰੇਸ਼ਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਡੀਐੱਸਪੀ ਬਾਘਾਪੁਰਾਣਾ ਦੇ ਪੋਸਟਮਾਰਟਮ ਰਿਪੋਰਟ ਅਨੁਸਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੇ ਦਿੱਤੇ ਭਰੋਸੇ ਮਗਰੋਂ ਉਹ ਅੱਜ ਦੁਪਹਿਰ ਵੇਲੇ ਸਸਕਾਰ ਕਰਨ ਲਈ ਬੱਚੇ ਦੀ ਲਾਸ਼ ਲੈ ਕੇ ਸ਼ਮਸ਼ਾਨ ਘਾਟ ਪੁੱਜੇ। ਚਿਖਾ ਨੂੰ ਅੱਗ ਦੇਣ ਤੋਂ ਪਹਿਲਾਂ ਸ਼ਰੀਕੇ ਦੀਆਂ ਔਰਤਾਂ ਸਮੇਤ ਰਿਸ਼ਤੇਦਾਰਾਂ ਨੇ ਕਤਲ ਕੇਸ ਵਿੱਚ ਬੱਚੇ ਦੇ ਪਿਤਾ ਨੂੰ ਵੀ ਸ਼ਾਮਲ ਕਰਨ ਦੀ ਮੰਗ ਰੱਖ ਦਿੱਤੀ। ਮੌਕੇ ’ਤੇ ਪੁੱਜੇ ‘ਆਪ’ ਦੇ ਹਲਕਾ ਬਾਘਾਪੁਰਾਣਾ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਦੀਪਕ ਅਰੋੜਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਜੇਕਰ ਸਸਕਾਰ ਕਰ ਦਿੱਤਾ ਗਿਆ ਤਾਂ ਪੁਲੀਸ ਕੇਸ ਦਰਜ ਨਹੀਂ ਕਰੇਗੀ। ਸ਼ਮਸ਼ਾਨਘਾਟ ਵਿੱਚ ਮੌਜੂੁਦ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ‘ਆਪ’ ਆਗੂਆਂ ਨਾਲ ਸਹਿਮਤ ਹੁੰਦਿਆਂ ਸਸਕਾਰ ਰੁਕਵਾ ਦਿੱਤਾ ਅਤੇ ਲਾਸ਼ ਨੂੰ ਦੁਬਾਰਾ ਫਰੀਜ਼ ਕਰਨ ਲਈ ਭਿਜਵਾ ਦਿੱਤਾ। ਪਤਾ ਲੱਗਦਿਆਂ ਹੀ ਪੁਲੀਸ ਟੀਮ ਮੌਕੇ ’ਤੇ ਪੁੱਜੀ। ਇਸ ਮਗਰੋਂ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਅਤੇ ‘ਆਪ’ ਆਗੂਆਂ ਸਮੇਤ ਰਿਸ਼ਤੇਦਾਰਾਂ ਨੇ ਡੀਐੱਸਪੀ ਨਾਲ ਗੱਲਬਾਤ ਕੀਤੀ। ਸਮਾਲਸਰ ਪੁਲੀਸ ਥਾਣਾ ਮੁਖੀ ਨੇ ਦੱਸਿਆ ਕਿ ਬੱਚੇ ਦੇ ਦਾਦੇ ਦੇ ਬਿਆਨ ਮੁੜ ਦਰਜ ਕੀਤੇ ਗਏ, ਜਿਸ ਵਿੱਚ ਉਸ ਨੇ ਕਿਹਾ ਕਿ ਮਤਰੇਈ ਮਾਂ ਹੀ ਬੱਚੇ ਦੀ ਅਸਲੀ ਕਾਤਲ ਹੈ।
ਡੀਐੱਸਪੀ ਜਸਵਿੰਦਰ ਸਿੰਘ ਖਹਿਰਾ ਅਤੇ ਨਾਇਬ ਤਹਿਸਲਦਾਰ ਨੇ ਧਰਨਾਕਾਰੀਆਂ ਨੂੰ ਮੁੜ ਪੋਸਟਮਾਰਟਮ ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਧਰਨਾਕਾਰੀਆਂ ਨੇ ਕਿਸਾਨ ਜਥੇਬੰਦੀ ਨਾਲ ਮਿਲ ਕੇ ਕਾਰਵਾਈ ਸਬੰਧੀ ਕਮੇਟੀ ਬਣਾਉਣ ਦੀ ਤਿਆਰੀ ਵਿੱਢ ਦਿੱਤੀ। ਫਿਲਹਾਲ ਬੱਚੇ ਦਾ ਸਸਕਾਰ ਪੋਸਟਮਾਰਟਮ ਰਿਪੋਰਟ ਆਉਣ ਤੱਕ ਰੋਕ ਦਿੱਤਾ ਗਿਆ ਹੈ ਅਤੇ ਧਰਨਾਕਾਰੀ ਰਿਪੋਰਟ ਆਉਣ ਮਗਰੋਂ ਹੀ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।