ਪੱਤਰ ਪ੍ਰੇਰਕ
ਸਮਾਲਸਰ, 21 ਜੂਨ
ਸਮਾਲਸਰ ਪੁਲੀਸ ਨੇ ਲੰਡੇ ਪਿੰਡ ਵਿੱਚ ਕਤਲ ਹੋਏ ਬੱਚੇ ਦੀ ਮਤਰੇਈ ਮਾਂ ਅਮਰਜੀਤ ਕੌਰ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੇ ਦਾਦਾ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੋਤਰੇ ਦੇ ਨਾਂ ਜ਼ਮੀਨ ਕਰਵਾਉਣੀ ਚਾਹੁੰਦਾ ਸੀ। ਇਸੇ ਕਾਰਨ ਅਮਰਜੀਤ ਕੌਰ ਉਸ ਦੇ ਪੋਤਰੇ ਨਾਲ ਖਾਰ ਖਾਂਦੀ ਸੀ, ਜਿਸ ਕਾਰਨ ਉਸ ਨੇ ਬੱਚੇ ਦਾ ਕਤਲ ਕਰ ਦਿੱਤਾ। ਉਸ ਦੀ ਪੋਸਟਮਾਰਟਮ ਰਿਪੋਰਟ ਆਉਣੀ ਹਾਲੇ ਬਾਕੀ ਹੈ। ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਮਰਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਲੰਡੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਅਰੋੜਾ ਨੇ ਕਿਹਾ ਕਿ ਡਾਕਟਰਾਂ ਅਨੁਸਾਰ ਅੱਜ ਦੇਰ ਸ਼ਾਮ ਤੱਕ ਰਿਪੋਰਟ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਜੇ ਪੁਲੀਸ ਨੇ ਪੀੜਤ ਪਰਿਵਾਰ ਨਾਲ ਇਨਸਾਫ਼ ਕੀਤਾ ਤਾਂ ਬੱਚੇ ਦਾ ਸਸਕਾਰ ਕਰ ਦਿੱਤਾ ਜਾਵੇਗਾ।