ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 4 ਮਈ
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪਿੰਡ ਦੈੜੀ ਦੀ ਏਅਰਪੋਰਟ ਰੋਡ ਤੋਂ ਕੁਰਾਲੀ ਤੱਕ ਗ੍ਰੀਨ ਫ਼ੀਲਡ ਪ੍ਰਾਜੈਕਟ ਤਹਿਤ ਬਣਨ ਵਾਲੇ ਕੌਮੀ ਮਾਰਗ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਕੀਮਤ ਚਾਰ ਗੁਣਾ ਵਧਾਏ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪੱਤਰ ਲਿਖ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ। ਸ੍ਰੀ ਤਿਵਾੜੀ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਦੀ ਕੀਮਤ 24 ਲੱਖ ਪ੍ਰਤੀ ਏਕੜ ਦੇ ਕਰੀਬ ਤੈਅ ਕੀਤੀ ਸੀ, ਉਹ ਕੀਮਤ ਬਾਜ਼ਾਰੀ ਕੀਮਤ ਤੋਂ ਬਹੁਤ ਘੱਟ ਸੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੇ ਘੱਟ ਭਾਅ ਦਾ ਮਾਮਲਾ ਉਨ੍ਹਾਂ ਸੰਸਦ ਵਿੱਚ ਵੀ ਉਠਾਇਆ ਸੀ ਤੇ ਨਿੱਜੀ ਤੌਰ ’ਤੇ ਵੀ ਸ੍ਰੀ ਗਡਕਰੀ ਨੂੰ ਮਿਲ ਕੇ ਲਿਖਤੀ ਪੱਤਰ ਦਿੱਤਾ ਸੀ। ਸੰਸਦ ਮੈਂਬਰ ਨੇ ਆਖਿਆ ਕਿ ਨਿਤਿਨ ਗਡਕਰੀ ਅਨੁਸਾਰ ਹੁਣ ਅਜਿਹੇ ਸਾਰੇ ਪਿੰਡਾਂ ਦੀ ਜ਼ਮੀਨ ਘੱਟੋ-ਘੱਟ ਇੱਕ ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਐਕੁਆਇਰ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗ੍ਰੀਨਫੀਲਡ ਪ੍ਰਾਜੈਕਟ ਤਹਿਤ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੇੜੇ ਆਈਟੀ ਰੋਡ (ਪੀਆਰ-7) ਤੋਂ ਕੁਰਾਲੀ-ਚੰਡੀਗੜ੍ਹ ਰੋਡ ਤੱਕ 32 ਕਿਲੋਮੀਟਰ ਲੰਬੀ ਸੜਕ ਬਣਾਈ ਜਾਣੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਪਹਿਲਾਂ ਜਿੱਥੇ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਸੀ, ਉਸ ਥਾਂ ਲਈ ਹੁਣ ਲਗਪਗ ਇੱਕ ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।