ਜਲੰਧਰ (ਨਿੱਜੀ ਪੱਤਰ ਪ੍ਰੇਰਕ); ਇੱਥੇ ਮਹਿਤਪੁਰ ਇਲਾਕੇ ਵਿੱਚ ਜ਼ਮੀਨੀ ਝਗੜੇ ਦੌਰਾਨ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲਾਡੀ ਘੁੰਮਣ ਵਜੋਂ ਹੋਈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਲਾਡੀ ਘੁੰਮਣ ਦਾ ਹਮਲਾਵਰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਅੱਜ ਸਵੇਰੇ 7 ਵਜੇ ਦੇ ਕਰੀਬ ਜਦੋਂ ਲਾਡੀ ਟਰੈਕਟਰ ਨਾਲ ਖੇਤ ਵਾਹ ਰਿਹਾ ਸੀ ਤਾਂ ਕਾਰ ਵਿੱਚ ਆਏ ਮੁਲਜ਼ਮ ਪ੍ਰਿਤਪਾਲ ਸਿੰਘ ਨੇ ਲਾਡੀ ’ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚੇ ਲਾਡੀ ਦੇ ਪਰਿਵਾਰ ਵਾਲੇ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁੱਸੇ ਵਿੱਚ ਆਏ ਪਰਿਵਾਰ ਵਾਲਿਆਂ ਨੇ ਲਾਸ਼ ਥਾਣੇ ਅੱਗੇ ਰੱਖ ਕੇ ਧਰਨਾ ਲਾ ਦਿੱਤਾ ਤੇ ਮੰਗ ਕੀਤੀ ਕਿ ਜਦੋਂ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ ਤੇ ਨਾ ਹੀ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ। ਧਰਨੇ ’ਤੇ ਬੈਠੇ ਪਰਿਵਾਰ ਵਾਲਿਆਂ ਨੂੰ ਮਨਾਉਣ ਲਈ ਡੀਐੱਸਪੀ ਸ਼ਮਸ਼ੇਰ ਸਿੰਘ ਮੌਕੇ ’ਤੇ ਪਹੁੰਚ ਗਏ ਸਨ ਪਰ ਪਰਿਵਾਰ ਵਾਲੇ ਆਪਣੀ ਮੰਗ ’ਤੇ ਅੜੇ ਰਹੇ। ਬਾਅਦ ਵਿੱਚ ਥਾਣੇਦਾਰ ਸ਼ਾਹਕੋਟ ਨੇ ਪੀੜਤ ਪਰਿਵਾਰ ਨੂੰ ਮੁਲਜ਼ਮ ਦੀ ਛੇਤੀ ਗ੍ਰਿਫ਼ਤਾਰੀ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੇ ਥਾਣਾ ਮਹਿਤਪੁਰ ਦੇ ਅੱਗਿਓਂ ਧਰਨਾ ਚੁੱਕਿਆ।