ਚਰਨਜੀਤ ਭੁੱਲਰ
ਚੰਡੀਗੜ੍ਹ, 21 ਮਾਰਚ
ਪੰਜਾਬ ਵਿਧਾਨ ਸਭਾ ਵਿੱਚ ਵਰ੍ਹਿਆਂ ਬਾਅਦ ਫ਼ਿਜ਼ਾ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਵੱਡੀਆਂ ਗੱਡੀਆਂ, ਵੱਡੇ ਘਰਾਂ ਦੇ ਕਾਕੇ, ਕਾਲੇ ਚਸ਼ਮੇ ਤੇ ਅੰਗਰੇਜ਼ੀ ਲਹਿਜਾ, ਸਭ ਕੁਝ ਗ਼ਾਇਬ ਦਿਖਾਈ ਦੇ ਰਿਹਾ ਹੈ। ਜਿੱਧਰ ਵੀ ਦੇਖਿਆ ਆਮ ਘਰਾਂ ਦੇ ਮੁੰਡੇ ਤੇ ਉਨ੍ਹਾਂ ਦੀ ਸਿੱਧ ਪੱਧਰੀ ਬੋਲ ਬਾਣੀ ਦੇਖਣ ਨੂੰ ਮਿਲ ਰਹੀ ਹੈ। ਵਿਧਾਨ ਸਭਾ ਵਿੱਚ ਇਹ ਨਵਾਂ ਜਲੌਅ ਸੀ ਕਿ ਜ਼ਮੀਨ ਨਾਲ ਜੁੜੇ ਲੋਕ ਬੈਠੇ ਸਨ। ਸਭ ਤੋਂ ਵੱਡੀ ਗੱਲ, ਪਿੰਡਾਂ ਵਿੱਚੋਂ ਆਏ ‘ਆਪ’ ਵਿਧਾਇਕਾਂ ਦੀ ਸਾਦਗੀ ਸਭ ਨੂੰ ਮੋਹ ਰਹੀ ਸੀ।
16ਵੀਂ ਵਿਧਾਨ ਸਭਾ ਵਿੱਚ 86 ਨਵੇਂ ਚਿਹਰੇ ਹਨ। ‘ਆਪ’ ਵਿਧਾਇਕਾਂ ਦਾ ਚਾਅ ਚਿਹਰੇ ਤੋਂ ਦਿਖ ਰਿਹਾ ਸੀ। ਵਿਧਾਇਕਾਂ ਨਾਲ ਆਏ ਮਾਪਿਆਂ ਤੋਂ ਇੰਝ ਜਾਪਿਆ ਜਿਵੇਂ ਵਿਧਾਨ ਸਭਾ ਵਿੱਚ ਪਿੰਡ ਵੱਸ ਗਿਆ ਹੋਵੇ। ਵਿਧਾਨ ਸਭਾ ਦੇ ਨਵੇਂ ਚੁਣੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਪਤਨੀ ਦੀ ਅੱਜ ਵਿਧਾਨ ਸਭਾ ਵਿੱਚ ਅੱਡੀ ਨਹੀਂ ਲੱਗ ਰਹੀ ਸੀ। ਉਹ ਹਲਕੇ ਵਿੱਚੋਂ ਆਏ ਲੋਕਾਂ ਨੂੰ ਰੋਟੀ-ਪਾਣੀ ਦਾ ਸੱਦਾ ਦੇਣ ’ਚ ਰੁੱਝੀ ਹੋਈ ਸੀ, ‘ਭਾਈ ਸਭ ਰੋਟੀ ਖਾ ਕੇ ਜਾਇਓ।’
‘ਆਪ’ ਸਰਕਾਰ ਦੇ ਪਹਿਲੇ ਸੈਸ਼ਨ ਵਿੱਚ ਤਾਜ਼ਗੀ ਮੇਲਦੀ ਨਜ਼ਰ ਆਈ। ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਮਾਤਾ ਚਰਨਜੀਤ ਕੌਰ ਨੇ ਦੂਜੀ ਦਫ਼ਾ ਰਾਜਧਾਨੀ ਦੇਖੀ ਹੈ। ਪਹਿਲੀ ਵਾਰ ਉਹ ਪੀਜੀਆਈ ਆਈ ਸੀ ਅਤੇ ਦੂਜੀ ਵਾਰ ਵਿਧਾਨ ਸਭਾ ਦੀ ਦਰਸ਼ਕ ਗੈਲਰੀ ਵਿੱਚ ਬੈਠੀ। ‘ਆਪ’ ਦੇ ਬਹੁਤੇ ਚਿਹਰੇ ਨਵੇਂ ਹਨ, ਜਿਨ੍ਹਾਂ ਦਾ ਪਿਛੋਕੜ ਵੀ ਪੇਂਡੂ ਹੈ। ਕਦੇ ਵਿਧਾਨ ਸਭਾ ਦੇ ਇਨ੍ਹਾਂ ਬੈਂਚਾਂ ’ਤੇ ਵੱਡੇ ਘਰਾਂ ਦੇ ਸ਼ਾਹੀ ਦਿੱਖ ਵਾਲੇ ਬੈਠਦੇ ਸਨ। ਮਹਿੰਗੇ ਲਬਿਾਸ ਅਤੇ ਗੁੱਟ ’ਤੇ ਵਿਦੇਸ਼ੀ ਘੜੀਆਂ ਉਨ੍ਹਾਂ ਦੀ ਪਛਾਣ ਸਨ। ਸਮਾਂ ਕਿੰਨਾ ਮਾੜਾ ਚੱਲ ਰਿਹਾ ਹੈ, ਉਨ੍ਹਾਂ ਵਿੱਚੋਂ ਕਿਸੇ ਨੂੰ ਪਤਾ ਨਹੀਂ ਚੱਲ ਸਕਿਆ। ਜਦੋਂ ਤੱਕ ਜਾਗ ਖੁੱਲ੍ਹੀ, ਉਦੋਂ ਤੱਕ ‘ਝਾੜੂ’ ਚੱਲ ਚੁੱਕਿਆ ਸੀ।
ਵਿਧਾਨ ਸਭਾ ਕੰਪਲੈਕਸ ਵਿੱਚ ਵਿਧਾਇਕਾਂ ਨਾਲ ਆਏ ਮਾਪਿਆਂ ਦੇ ਚਿਹਰੇ ਗਵਾਹੀ ਭਰ ਰਹੇ ਸਨ ਕਿ ਇਨ੍ਹਾਂ ਭੋਲੇ ਮਾਪਿਆਂ ਨੂੰ ਕਿੱਥੇ ਚੇਤਾ ਸੀ ਕਿ ਕਦੇ ਉਹ ਵੀ ਆਪਣੀ ਔਲਾਦ ਨੂੰ ਸਹੁੰ ਚੁੱਕਦੇ ਦੇਖਣਗੇ। ‘ਆਪ’ ਵਿਧਾਇਕਾਂ ਦੀ ਸਾਦਗੀ ਦਾ ਮੰਤਰ ਏਨਾ ਚੱਲਿਆ ਕਿ ਸੁਰੱਖਿਆ ਅਮਲਾ ਵੀ ਹਰ ਵਿਧਾਇਕ ਨਾਲ ਤਸਵੀਰਾਂ ਖਿਚਵਾਉਂਦਾ ਨਜ਼ਰ ਆਇਆ।
ਬੱਲੂਆਣਾ ਤੋਂ ‘ਆਪ’ ਵਿਧਾਇਕ ਅਮਨਦੀਪ ਸਿੰਘ ਇਹ ਕਹਿੰਦਾ ਨਜ਼ਰ ਆਇਆ, ‘ਇੱਕ ਗੰਨਮੈਨ ਦੇ ਦਿੱਤਾ ਹੈ, ਉਹ ਵੀ ਮੋੜ ਦੇਣਾ ਹੈ।’ ਪੰਜਾਬ ਸਰਕਾਰ ਨੇ ਇਨ੍ਹਾਂ ਵਿਧਾਇਕਾਂ ਨੂੰ ਇਨੋਵਾ ਗੱਡੀਆਂ ਦਿੱਤੀਆਂ ਹਨ। ਉਹ ਵੀ ਦਿਨ ਸਨ, ਜਦੋਂ ਵਿਧਾਨ ਸਭਾ ਦੀ ਪਾਰਕਿੰਗ ਵਿੱਚ ਲਗਜ਼ਰੀ ਗੱਡੀਆਂ ਦਾ ਮੇਲਾ ਲੱਗਦਾ ਸੀ। ਕੜਕਵੇਂ ਕੁੜਤਿਆਂ ਵਾਲੇ ਵੀ ਹੁਣ ਕਿਧਰੇ ਨਹੀਂ ਦਿਸਦੇ। ਮੀਡੀਆ ਦੇ ਔਖੇ ਸੁਆਲਾਂ ਦੇ ਜੁਆਬ ਦੇਣੇ ਕਈਆਂ ਦੇ ਵੱਸ ਵਿੱਚ ਨਹੀਂ ਸੀ। ਪਹਿਲੀ ਦਫ਼ਾ ਹੈ ਕਿ ਬਾਦਲ ਪਰਿਵਾਰ ਵਿਧਾਨ ਸਭਾ ਵਿੱਚ ਪੈਰ ਨਹੀਂ ਪਾ ਸਕਿਆ ਹੈ। ਢੀਂਡਸਾ ਪਰਿਵਾਰ ਨੂੰ ਵੀ ਵਰ੍ਹਿਆਂ ਮਗਰੋਂ ਵਿਧਾਨ ਸਭਾ ਚੋ ਬਾਹਰ ਰਹਿਣਾ ਪਿਆ ਹੈ।
ਵਿਧਾਨ ਸਭਾ ਦੇ ਇੱਕ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਵਰ੍ਹਿਆਂ ਤੋਂ ਇੱਕੋ ਜਿਹੇ ਚਿਹਰੇ ਅਤੇ ਇੱਕੋ ਸਿਆਸੀ ਅੰਦਾਜ਼ ਦੇਖ-ਦੇਖ ਕੇ ਅੱਕੇ ਪਏ ਸੀ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਹੁਣ ਨਵੀਂ ਸਿਆਸੀ ਪੌਦ ਤਾਂ ਆਈ ਹੈ। ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲਾ ਪਿੰਡ ਉਗੋਕੇ ਦਾ ਲਾਭ ਸਿੰਘ ਜਦੋਂ ਵਿਧਾਨ ਸਭਾ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਲੱਗਾ ਜਿਵੇਂ ਨਵੀਂ ਦੁਨੀਆ ਵਿੱਚ ਦਾਖਲ ਹੋ ਗਿਆ ਹੋਵੇ। ਵਿਧਾਇਕ ਲਾਭ ਸਿੰਘ ਨੇ ਪਲੰਬਰੀ ਦਾ ਕੋਰਸ ਕੀਤਾ ਹੋਇਆ ਹੈ। ਪਲੰਬਰ ਬਣਨ ਦਾ ਸੁਪਨਾ ਲਿਆ, ਹਲਕਾ ਭਦੌੜ ਦੇ ਲੋਕਾਂ ਨੇ ਵਿਧਾਇਕ ਬਣਾ ਦਿੱਤਾ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਜਦੋਂ ਪਹਿਲੇ ਦਿਨ ਵਿਧਾਨ ਸਭਾ ਪੁੱਜਿਆ ਤਾਂ ਬੂਹੇ ’ਤੇ ਸਭ ਤੋਂ ਪਹਿਲਾਂ ਮੱਥਾ ਟੇਕਿਆ। ਪੁਰਾਣੇ ਅਧਿਕਾਰੀ ਦੱਸਦੇ ਹਨ ਕਿ ਜਦੋਂ ਪੁਰਾਣੇ ਵੇਲਿਆਂ ਵਿੱਚ ਪੰਜਾਬ ’ਚ ਪੰਥਕ ਸਿਆਸਤ ਭਾਰੂ ਹੁੰਦੀ ਸੀ, ਉਦੋਂ ਵਿਧਾਨ ਸਭਾ ਵਿੱਚ ਸਾਦ-ਮੁਰਾਦੇ ਵਿਧਾਇਕ ਚੁਣ ਕੇ ਆਉਂਦੇ ਰਹੇ ਹਨ।
‘ਆਪ’ ਦੇ 72 ਵਿਧਾਇਕ ਕਰਜ਼ਾਈ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਠੇਠ ਮਲਵਈ ਬੋਲਦੇ ਹਨ, ਉਨ੍ਹਾਂ ਦਾ ਗੱਲ ਸਮਝਾਉਣ ਦਾ ਤਰੀਕਾ ਵੀ ਪੇਂਡੂ ਪੁੱਠ ਵਾਲਾ ਹੀ ਹੈ। ਬੇਸ਼ੱਕ ‘ਆਪ’ ਦੇ ਕਈ ਵਿਧਾਇਕ ਕਰੋੜਪਤੀ ਹਨ ਅਤੇ ਚੰਗੇ ਘਰਾਂ ਨਾਲ ਤੁਅੱਲਕ ਰੱਖਦੇ ਹਨ ਪਰ ਬਹੁਤੇ ਵਿਧਾਇਕਾਂ ਲਈ ਸਿਆਸਤ ਨਵਾਂ ਤਜਰਬਾ ਹੈ। ‘ਆਪ’ ਦੇ 72 ਵਿਧਾਇਕ ਕਰਜ਼ਈ ਵੀ ਹਨ। ਬੇਸ਼ੱਕ ‘ਆਪ’ ਦੇ ਕਈ ਵਿਧਾਇਕ ਨਿੱਜੀ ਸਕੂਲਾਂ ਵਿੱਚ ਪੜ੍ਹੇ ਹਨ ਪਰ ਬਹੁਗਿਣਤੀ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹੋਏ ਹਨ। ਹਾਲਾਂਕਿ ਮਾਲੇਰਕੋਟਲਾ ਦੇ ਵਿਧਾਇਕ ਨੇ ਉਰਦੂ ਵਿੱਚ ਸਹੁੰ ਚੁੱਕੀ ਹੈ ਪਰ ਵਿਧਾਨ ਸਭਾ ਐਤਕੀਂ ਮਨਪ੍ਰੀਤ ਬਾਦਲ ਦੀ ਸ਼ਾਇਰੀ ਤੋਂ ਵਾਂਝੀ ਰਹੇਗੀ।
ਵਿਰੋਧੀ ਧਿਰ ਦੇ ਸ਼ਬਦੀ ਹਮਲੇ ਤੋਂ ਬਚਣਾ ਹੋਵੇਗਾ ਚੁਣੌਤੀ
‘ਆਪ’ ਨੇ ਪੰਜਾਬ ਦੀ ਸਿਆਸਤ ਨੂੰ ਮੋੜਾ ਦਿੱਤਾ ਹੈ। ਇਕੱਲਾ ਚੋਣਾਂ ਵਿਚ ਬਦਲਾਅ ਨਹੀਂ ਆਇਆ, ਬਲਕਿ ਸਿਆਸਤ ਦਾ ਮੁਹਾਂਦਰਾ ਹੀ ਬਦਲ ਗਿਆ ਹੈ। ਵਿਰੋਧੀ ਧਿਰ ਵਿੱਚ ਕਾਂਗਰਸ ਦੇ ਧਨੰਤਰ ਹਨ, ਜਿਨ੍ਹਾਂ ਦੇ ਸ਼ਬਦੀ ਜਾਲ ਤੋਂ ਬਚਣਾ ਇਨ੍ਹਾਂ ਆਮ ਘਰਾਂ ਦੇ ਮੁੰਡਿਆਂ ਲਈ ਚੁਣੌਤੀ ਬਣੇਗਾ। ਇਹ ਨਵੇਂ ਵਿਧਾਇਕ ਸਿਆਸੀ ਚੁਸਤੀਆਂ ਤੋਂ ਅਣਜਾਣ ਹਨ। ਵਿਰੋਧੀ ਧਿਰਾਂ ਵਾਲੇ ਆਖਦੇ ਹਨ ਕਿ ਇਨ੍ਹਾਂ ਨਵਿਆਂ ਨੂੰ ਕੁਝ ਦਿਨ ਪਹਿਲਾਂ ਹੀ ਤਾਕਤ ਮਿਲੀ ਹੈ, ਜਦੋਂ ਪੰਜ ਵਰ੍ਹੇ ਪੂਰੇ ਹੋਣਗੇ, ਉਦੋਂ ਦੇਖਾਂਗੇ ਕਿ ਉਨ੍ਹਾਂ ਦੇ ਕਿਵੇਂ ਦਿਨ ਬਦਲੇ ਹੋਣਗੇ। ਨਵੇਂ ਵਿਧਾਇਕਾਂ ਲਈ ਇਹ ਪ੍ਰੀਖਿਆ ਹੋਵੇਗੀ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਰੱਖੀ ਹੈ, ਉਸ ਨੂੰ ਕਿਵੇਂ ਨਿਭਾਉਣਗੇ, ਇਹ ਪੰਜਾਬ ਦੇਖੇਗਾ।