ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 11 ਅਗਸਤ
ਜਲੰਧਰ ਦੇੇ ਬੀਐੱਮਸੀ ਚੌਕ ਨੇੜੇ ਐੱਮਬੀਡੀ ਮਾਲ ਦੇ ਬਾਹਰ ਅੱਜ ਸਵੇਰੇ ਸ਼ਿਵ ਸੈਨਾ ਦੇ ਵਰਕਰਾਂ ਨੇ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ‘ ’ਤੇ ਸੂਬਾ ਪੱਧਰੀ ਪਾਬੰਦੀ ਲਾਉਣ ਦੀ ਮੰਗ ਕੀਤੀ। ਸੈਨਾ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਅਦਾਕਾਰ ਨੇ ਆਪਣੀ ਪਿਛਲੀ ਫਿਲਮ ‘ਪੀਕੇ’ ਵਿੱਚ ਕਥਿਤ ਤੌਰ ’ਤੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕੀਤਾ ਸੀ, ਇਸ ਲਈ ਉਹ ਸ਼ਹਿਰ ਦੇ ਕਿਸੇ ਮਲਟੀਪਲੈਕਸ ਸੰਚਾਲਕ ਨੂੰ ਆਮਿਰ ਖਾਨ ਦੀ ਫਿਲਮ ਚਲਾਉਣ ਦੀ ਇਜਾਜ਼ਤ ਨਹੀਂ ਦੇਣਗੇ। ਇਸ ਮੌਕੇ ਉਨ੍ਹਾਂ ਮਾਲ ਦੇ ਅੰਦਰ ਅਤੇ ਬਾਹਰ ਲਗਾਏ ਫਿਲਮ ਦੇ ਪੋਸਟਰ ਵੀ ਹਟਾ ਦਿੱਤੇ।
ਇਸੇ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਵਰਕਰ ਵੀ ਮਾਲ ’ਚ ਪਹੁੰਚ ਗਏ, ਜਿਸ ਮਗਰੋਂ ਸਥਿਤੀ ਤਣਾਅਪੂਰਨ ਹੋ ਗਈ। ਉਨ੍ਹਾਂ ਸ਼ਿਵ ਸੈਨਾ ਆਗੂਆਂ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਅਜਿਹੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਸਿੱਖ ਤਾਲਮੇਲ ਕਮੇਟੀ ਦੇ ਹਰਪਾਲ ਚੱਢਾ ਨੇ ਕਿਹਾ, ‘ਸੈਨਾ ਦੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਸਿਨੇਮਾਘਰਾਂ ਵਿੱਚ ਦੁਪਹਿਰ 3 ਵਜੇ ਤੋਂ ਬਾਅਦ ਕੋਈ ਵੀ ਫਿਲਮ ਨਹੀਂ ਚੱਲਣ ਦੇਣਗੇ। ਇਸ ਲਈ ਉਹ ਮੌਕੇ ’ਤੇ ਪਹੁੰਚੇ ਹਨ। ਉੱਥੇ ਸ਼ਾਮ 3:30 ਵਜੇ ਤੱਕ ਇਥੇ ਸੈਨਾ ਦ ਆਗੂਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਫਿਲਮ ‘ਲਾਲ ਸਿੰਘ ਚੱਢਾ’ ਵਿੱਚ ਆਮਿਰ ਖਾਨ ਦੀ ਪੇਸ਼ਕਾਰੀ ਸ਼ਲਾਘਾਯੋਗ ਹੈ ਤੇ ਇਹ ਫਿਲਮ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੀ, ਸਗੋਂ ਇਹ ਇੱਕ ਸਧਾਰਨ ਵਿਅਕਤੀ ਦੀ ਖੂਬਸੂਰਤ ਕਹਾਣੀ ਹੈ। ਇਸ ਦੌਰਾਨ ਮਾਲ ਦੇ ਬਾਹਰ ਸਵੇਰ ਤੋਂ ਦੁਪਹਿਰ ਤੱਕ ਭਾਰੀ ਪੁਲੀਸ ਬਲ ਤਾਇਨਾਤ ਰਿਹਾ।