ਨਵੀਂ ਦਿੱਲੀ: ਇਥੋਂ ਦੀ ਅਦਾਲਤ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਵਿਸ਼ੇਸ਼ ਜੱਜ ਨੀਲੋਫਰ ਆਬਿਦਾ ਪਰਵੀਨ ਨੇ ਕਿਹਾ ਕਿ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ 15 ਅਪਰੈਲ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਦੀਪ ਸਿੱਧੂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲਾਲ ਕਿਲੇ ’ਤੇ ਸਿਰਫ਼ ਮੌਜੂਦਗੀ ਨਾਲ ਹੀ ਇਹ ਨਹੀਂ ਮੰਨਿਆ ਜਾ ਸਕਦਾ ਹੈ ਕਿ ਉਹ ਹਿੰਸਾ ਕਰਨ ਵਾਲੇ ਲੋਕਾਂ ਨਾਲ ਸ਼ਾਮਲ ਸੀ। ਉਸ ਨੇ ਕਿਹਾ ਕਿ ਦੀਪ ਸਿੱਧੂ ਇਮਾਨਦਾਰ ਨਾਗਰਿਕ ਹੈ ਅਤੇ ਉਹ ਸਿਰਫ਼ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਦੀਪ ਸਿੱਧੂ ਨੇ ਹਿੰਸਾ ਭੜਕਾਉਣ ਅਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲਿਆ ਸੀ। ਉਹ ਲਾਲ ਕਿਲੇ ’ਤੇ ਭੀੜ ਇਕੱਠੀ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਹੈ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਨੂੰ ਲਾਲ ਕਿਲੇ ’ਤੇ ਹਿੰਸਾ ਲਈ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਰਕਾਰੀ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਉਸ ਨੂੰ ਰਿਹਾਅ ਕੀਤਾ ਗਿਆ ਤਾਂ ਉਹ ਸਬੂਤਾਂ ਨੂੰ ਨਸ਼ਟ ਕਰ ਦੇਵੇਗਾ ਕਿਉਂਕਿ ਜਦੋਂ ਉਸ ਨੂੰ ਫੜਿਆ ਗਿਆ ਸੀ ਤਾਂ ਉਸ ਤੋਂ ਪਹਿਲਾਂ ਹੀ ਉਹ ਦੋ ਫੋਨ ਨਸ਼ਟ ਕਰ ਚੁੱਕਾ ਸੀ। ਉਸ ਨੇ ਦੀਪ ਸਿੱਧੂ ਵੱਲੋਂ ਮੀਡੀਆ ਨੂੰ 25 ਜਨਵਰੀ ਨੂੰ ਦਿੱਤੇ ਗਏ ਇੰਟਰਵਿਊ ਦਾ ਹਵਾਲਾ ਵੀ ਦਿੱਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਇਕ ਹੋਰ ਇੰਟਰਵਿਊ ’ਚ ਕਬੂਲ ਕੀਤਾ ਹੈ ਕਿ ਉਸ ਨੇ ਬੈਰੀਕੇਡ ਤੋੜੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਦੀ ਹਾਜ਼ਰੀ ’ਚ ਕੌਮੀ ਝੰਡੇ ਦਾ ਅਪਮਾਨ ਕੀਤਾ ਗਿਆ ਅਤੇ ਉਸ ਨੇ ਇਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸਰਕਾਰੀ ਵਕੀਲ ਨੇ ਕਿਹਾ ਕਿ ਉਸ ਨੇ ਜਾਣਬੁੱਝ ਕੇ ਰੂਟ ਦਾ ਪਾਲਣ ਨਹੀਂ ਕੀਤਾ ਤਾਂ ਜੋ ਮੁਲਕ ਦੀ ਬਦਨਾਮੀ ਕੀਤੀ ਜਾ ਸਕੇ। ‘ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਸ ਕਾਰਨ 144 ਪੁਲੀਸ ਕਰਮੀਆਂ ਨੂੰ ਸੱਟਾਂ ਲੱਗੀਆਂ।’
ਜਾਂਚ ਅਧਿਕਾਰੀ ਨੇ ਕਿਹਾ ਕਿ ਦੀਪ ਸਿੱਧੂ ਫਰਾਰ ਸੀ ਅਤੇ ਉਸ ’ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਉਸ ਦੀ ਭੂਮਿਕਾ ਹੋਰਾਂ ਨਾਲੋਂ ਵੱਖਰੀ ਸੀ ਅਤੇ ਜ਼ਮਾਨਤ ’ਤੇ ਛੱਡੇ ਗਏ ਲੋਕਾਂ ਨਾਲ ਉਸ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਹੈ। ਦੀਪ ਸਿੱਧੂ ਦੇ ਵਕੀਲ ਨੇ ਪੁਲੀਸ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਪ੍ਰਦਰਸ਼ਨ ਦੌਰਾਨ ਏਕਤਾ ਦੀ ਗੱਲ ਕਰ ਰਿਹਾ ਸੀ ਅਤੇ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਖ ਰਿਹਾ ਸੀ। ਉਨ੍ਹਾਂ ਕਿਹਾ ਕਿ ਧਾਰਮਿਕ ਜੈਕਾਰੇ ਕਿਵੇਂ ਹਿੰਸਾ ਭੜਕਾ ਸਕਦੇ ਹਨ। -ਪੀਟੀਆਈ