ਪੱਤਰ ਪ੍ਰੇਰਕ
ਮਹਿਲ ਕਲਾਂ, 7 ਅਕਤੂਬਰ
ਖੇਤੀ ਆਰਡੀਨੈਂਸਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਮਹਿਲ ਕਲਾਂ ਵਿਚ ਲਗਾਏ ਪੱਕੇ ਮੋਰਚੇ ’ਚੋਂ ਅੱਜ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਝੰਡੇ ਉਤਾਰ ਦਿੱਤੇ ਹਨ। ਭਾਵੇਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਸੁਪਰੀਮ ਕੋਰਟ ’ਚੋਂ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਹੈ ਪਰ ਕਿਸਾਨਾਂ ਦਾ ਭਰੋਸਾ ਹੁਣ ਲੱਖੋਵਾਲ ’ਤੇ ਬਹਾਲ ਹੁੰਦਾ ਨਜ਼ਰ ਨਹੀਂ ਆ ਰਿਹਾ। ਮੋਰਚੇ ’ਚੋਂ ਝੰਡੇ ਉਤਾਰਨ ਤੋਂ ਇਲਾਵਾ ਕੁੱਝ ਕਿਸਾਨ ਵਰਕਰਾਂ ਨੇ ਜਥੇਬੰਦੀ ਦੇ ਬੈਜ ਵੀ ਉਤਾਰ ਦਿੱਤੇ ਹਨ। ਝੰਡੇ ਉਤਾਰਨ ਮੌਕੇ ਕਿਸਾਨ ਆਗੂ ਭਾਗ ਸਿੰਘ ਕੁਰੜ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਜਮੇਰ ਸਿੰਘ ਲੱਖੋਵਾਲ ਨੇ ਮੌਕਾਪ੍ਰਸਤੀ ਕੀਤੀ ਹੈ ਤੇ ਹੁਣ ਕਿਸਾਨ ਉਸ ਨੂੰ ਮੁਆਫ਼ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਕਿਸਾਨ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।