ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਕਤੂਬਰ
ਪਰਾਲੀ ਦੀ ਸਾਂਭ-ਸੰਭਾਲ ਦਾ ਠੋਸ ਪ੍ਰਬੰਧ ਨਾ ਹੋਣ ਤੋਂ ਖ਼ਫ਼ਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪਰਾਲੀ ਨੂੰ ਅੱਗ ਲਾਉਣ ਦਾ ਐਲਾਨ ਕੀਤਾ। ਪਰਾਲੀ ਦੇ ਭਖ਼ਵੇਂ ਮਸਲੇ ’ਤੇ ਆਪਣੀ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਮਗਰੋਂ ਅੱਜ ਇਥੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਭੁੱੱਲ ਜਾਵੇ ਕਿ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਸਕੇਗੀ। ਪਰਾਲੀ ਨਾਲ ਫੈਲਦੇ ਪ੍ਰਦੂਸ਼ਣ ਲਈ ਵੱਖ-ਵੱਖ ਧਿਰਾਂ ਵੱਲੋਂ ਕਿਸਾਨਾਂ ਦੇ ਸਿਰ ਭਾਂਡਾ ਭੰਨ੍ਹਣ ਦੇ ਹਵਾਲੇ ਨਾਲ ਲੱਖੋਵਾਲ ਨੇ ਕਿਹਾ ਕਿ ਸਰਕਾਰ ਵਾਅਦੇ ਮੁਤਾਬਕ ਪਰਾਲੀ ਦੀ ਸੰਭਾਲ ਯਕੀਨੀ ਨਹੀਂ ਬਣਾ ਸਕੀ। ਲੱਖੋਵਾਲ ਨੇ ਪਰਾਲੀ ਸਾੜਨ ਦੇ ਮਾਮਲੇ ’ਚ ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਘਿਰਾਓ ਦਾ ਐਲਾਨ ਕੀਤਾ ਪਰ ਦੁਰਵਿਵਹਾਰ ਨਾ ਕਰਨ ਦੀ ਅਪੀਲ ਕੀਤੀ।