ਗੁਰਬਖਸ਼ਪੁਰੀ
ਤਰਨ ਤਾਰਨ, 16 ਅਕਤੂਬਰ
ਨਵੀਂ ਦਿੱਲੀ ਦੀ ਸਿੰਘੂ ਹੱਦ ’ਤੇ ਬੀਤੇ ਦਿਨ ਕਤਲ ਕੀਤੇ ਗਏ ਬੇਅਦਬੀ ਮਾਮਲੇ ਦੇ ਮੁਲਜ਼ਮ ਲਖਬੀਰ ਸਿੰਘ ਦੀ ਦੇਹ ਦਾ ਅੱਜ ਉਸ ਦੇ ਪਿੰਡ ਚੀਮਾ ਕਲਾਂ ਦੇ ਸ਼ਮਸ਼ਾਨਘਾਟ ਵਿੱਚ ਬਿਨਾਂ ਕਿਸੇ ਸਿੱਖ ਰਵਾਇਤਾਂ ਦੇ ਸਸਕਾਰ ਕੀਤਾ ਗਿਆ। ਡੀਐੱਸਪੀ ਸੁੱਚਾ ਸਿੰਘ ਬਲ ਦੀ ਅਗਵਾਈ ਹੇਠ ਪਿੰਡ ਵਿੱਚ ਸੁਰੱਖਿਆ ਦੇ ਪੁਖ਼ਤਾ ਦੇ ਪ੍ਰਬੰਧ ਕੀਤੇ ਗਏ ਸਨ।
ਅੱਜ ਦਿਨ ਭਰ ਪਿੰਡ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਲਖਬੀਰ ਸਿੰਘ ਦੀ ਚਿਤਾ ਨੂੰ ਅਗਨੀ ਉਸ ਦੇ ਸਾਲੇ ਸੁਖਚੈਨ ਸਿੰਘ ਨੇ ਦਿਖਾਈ। ਇਸ ਤੋਂ ਪਹਿਲਾਂ ਸੋਨੀਪਤ ਪ੍ਰਸ਼ਾਸਨ ਲਖਬੀਰ ਸਿੰਘ ਦੀ ਪੌਲੀਥੀਨ ਵਿੱਚ ਲਿਪਟੀ ਲਾਸ਼ ਲੈ ਕੇ ਸਿੱਧਾ ਸਿਵਿਆਂ ਵਿੱਚ ਪੁੱਜਿਆ ਅਤੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਹੋਰ ਵਿਅਕਤੀ ਨੂੰ ਮ੍ਰਿਤਕ ਦੇਹ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ। ਪ੍ਰਸ਼ਾਸਨ ਲਖਬੀਰ ਦੀ ਲਾਸ਼ ਲੈ ਕੇ ਦੇਰ ਸ਼ਾਮ ਪੁੱਜਿਆ ਸੀ, ਜਿਸ ਕਾਰਨ ਅੰਤਿਮ ਰਸਮਾਂ ਸਾਢੇ ਸੱਤ ਵਜੇ ਦੇ ਕਰੀਬ ਮੁਕੰਮਲ ਹੋ ਸਕੀਆਂ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸ੍ਰੀ ਗੁਰੂ ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ, ਭਾਈ ਕੁਲਵੰਤ ਸਿੰਘ ਮੋਦੇ ਤੇ ਹੋਰ ਪਿੰਡ ਆਏ ਸਨ ਅਤੇ ਉਨ੍ਹਾਂ ਲਖਬੀਰ ਸਿੰਘ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਹੋਰਨਾਂ ਨੂੰ ਸਸਕਾਰ ਮੌਕੇ ਸਿੱਖੀ ਨਾਲ ਸਬੰਧਤ ਰਵਾਇਤਾਂ ਦੀ ਪਾਲਣਾ ਕਰਨ ਤੋਂ ਵਰਜਿਆ ਸੀ|
ਸਿੱਖ ਆਗੂਆਂ ਨੇ ਆਖਿਆ ਕਿ ਲਖਬੀਰ ਸਿੰਘ ਦੇ ਸਸਕਾਰ ਮੌਕੇ ਕੋਈ ਵੀ ਧਾਰਮਿਕ ਰਵਾਇਤ ਦੀ ਪਾਲਣਾ ਨਾ ਕੀਤਾ ਜਾਵੇ। ਸਤਿਕਾਰ ਕਮੇਟੀ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਅਣਗਹਿਲੀ ਕਰਨ ’ਤੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਸੀ|
ਇਸ ਮਗਰੋਂ ਸਤਿਕਾਰ ਕਮੇਟੀ ਨੂੰ ਪਿੰਡ ਦੀ ਪੰਚਾਇਤ ਤਰਫ਼ੋਂ ਸਰਪੰਚ ਬੀਬੀ ਵਿਸ਼ਾਲੀ ਦੇ ਪਤੀ ਮੁਨੀਸ਼ ਕੁਮਾਰ ਉਰਫ ਮੋਨੂੰ ਚੀਮਾ ਮੈਂਬਰ ਜ਼ਿਲ੍ਹਾ ਪਰਿਸ਼ਦ ਨੇ ਪਿੰਡ ਵਾਸੀਆਂ ਵੱਲੋਂ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ।
ਭਾਜਪਾ ਆਗੂ ਨੇ ਸਸਕਾਰ ’ਚ ਸ਼ਾਮਲ ਨਾ ਹੋਣ ਦੇਣ ਦੇ ਦੋਸ਼ ਲਾਏ
ਇਸ ਘਟਨਾ ਨਾਲ ਸਬੰਧਤ ਇਕ ਵਾਈਰਲ ਵੀਡੀਓ ਵਿੱਚ ਭਾਜਪਾ ਦੇ ਅਨੁਸੂਚਿਤ ਜਾਤੀ ਵਿੰਗ ਦੇ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਦਾ ਇਕ ਜਥਾ ਸਸਕਾਰ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਪਿੰਡ ਦੇ ਬਾਹਰਵਾਰ ਹੀ ਰੋਕ ਲਿਆ| ਜਥੇਬੰਦੀ ਦੇ ਆਗੂ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਲਾਂਭਾ ਦਿੱਤਾ ਕਿ ਉਹ ਖ਼ੁਦ ਅਨੁਸੂਚਿਤ ਦੇ ਜਾਤੀ ਦੇ ਹੋਣ ਦੇ ਬਾਵਜੂਦ ਦਲਿਤ ਵਿਅਕਤੀ ਨਾਲ ਹੋਈ ਬੇਇਨਸਾਫੀ ਦੂਰ ਨਹੀਂ ਕਰਵਾ ਸਕੇ। ਉਨ੍ਹਾਂ ਸੂਬਾ ਸਰਕਾਰ ਤੋਂ ਲਖਬੀਰ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ।