ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਸਤੰਬਰ
ਪੰਜਾਬ ਪੁਲੀਸ ਨੇ ਕੈਨੇਡਾ ਆਧਾਰਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਗੈਂਗ ਦੇ ਇੱਕ ਸਰਗਰਮ ਮੈਂਬਰ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਪੁਲੀਸ ਨੂੰ ਕਈ ਮਾਮਲਿਆਂ ’ਚ ਲੋੜੀਂਦਾ ਸੀ। ਇਸ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰ ਦੀ ਪਛਾਣ ਕਰਨ ਮਲਿਕ ਉਰਫ਼ ਮਾਨ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਇੱਕ ਪੁਲੀਸ ਸਬ-ਇੰਸਪੈਕਟਰ ਦੀ ਕਾਰ ਹੇਠਾਂ ਆਈਈਡੀ ਲਾਉਣ ਦੇ ਮਾਮਲੇ ’ਚ ਮੁੱਖ ਮੁਲਜ਼ਮ ਤੇ ਗੈਂਗਸਟਰ ਲਖਬੀਰ ਲੰਡਾ ਦੇ ਸਾਥੀ ਯੁਵਰਾਜ ਸੱਭਰਵਾਲ ਉਰਫ਼ ਯਸ਼ ਦਾ ਕਰੀਬੀ ਦੱਸਿਆ ਜਾਂਦਾ ਹੈ। ਕਰਨ ਮਲਿਕ ਪੰਜਾਬ ਪੁਲੀਸ ਨੂੰ ਲੋੜੀਂਦਾ ਸੀ। ਸ੍ਰੀ ਯਾਦਵ ਨੇ ਦੱਸਿਆ ਕਿ ਗੈਂਗਸਟਰ ਕਰਨ ਮਲਿਕ ਦੇ ਬਿਹਾਰ ਦੇ ਜ਼ਿਲ੍ਹਾ ਜਮੁਈ ਵਿੱਚ ਕਿਸੇ ਥਾਂ ਪਨਾਹ ਲੈਣ ਦੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲੀਸ ਦੀ ਏਜੀਟੀਐੱਫ ਟੀਮ ਨੇ ਕੇਂਦਰੀ ਏਜੰਸੀਆਂ ਤੇ ਬਿਹਾਰ ਪੁਲੀਸ ਦੇ ਨਾਲ ਸਾਂਝੇ ਅਪਰੇਸ਼ਨ ਵਿੱਚ ਤਲਾਸ਼ੀ ਸ਼ੁਰੂ ਕੀਤੀ ਤੇ ਜ਼ਿਲ੍ਹੇ ਦੇ ਪਿੰਡ ਦਰੀਮਾ ’ਚੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਡੀਜੀਪੀ ਨੇ ਦੱਸਿਆ ਕਿ ਕਰਨ ਮਲਿਕ ਦੇ ਛੋਟੇ ਭਰਾ ਅਰਜੁਨ ਮਲਿਕ ਉਰਫ ਅਰਜੁਨ ਨੂੰ ਫੜਨ ਲਈ ਛਾਪਾਮਾਰੀ ਚੱਲ ਰਹੀ ਹੈ।